ਪਿਛਲੇ ਦਿਨੀਂ ਦੋ ਅਹਿਮ ਘਟਨਾਵਾਂ ਵਾਪਰੀਆਂ ਹਨ। ਇੱਕ, ਲੱਦਾਖ ਤੋਂ ਪਦਯਾਤਰਾ ਕਰਕੇ ਦਿੱਲੀ ਪੁੱਜੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁੱਕ ਤੇ ਉਸ ਦੇ ਸਾਥੀਆਂ ਨੂੰ ਸਿੰਘੂ ਬਾਰਡਰ ’ਤੇ ਦਿੱਲੀ ਪੁਲਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਵਾਂਗਚੁੱਕ ਤੇ ਉਸ ਦੇ ਸਾਥੀ ਲੱਦਾਖ ਨੂੰ ਪੂਰੇ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਸ਼ਾਂਤੀਪੂਰਨ ਤਰੀਕੇ ਨਾਲ ਪੈਦਲ ਯਾਤਰਾ ਕਰ ਰਹੇ ਸਨ, ਤੇ ਉਨ੍ਹਾਂ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਰਾਜਘਾਟ ਵਿੱਚ ਪੁੱਜ ਕੇ ਆਪਣੀ ਯਾਤਰਾ ਸਮਾਪਤ ਕਰਨੀ ਸੀ। ਦੂਜੀ ਘਟਨਾ ਵਿੱਚ, ਬਲਾਤਕਾਰੀ ਤੇ ਹੱਤਿਆ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੁੜ ਪੈਰੋਲ ’ਤੇ ਜੇਲ੍ਹੋਂ ਬਾਹਰ ਲਿਆਂਦਾ ਗਿਆ ਹੈ।
ਬਲਾਤਕਾਰੀਆਂ ਤੇ ਹਤਿਆਰਿਆਂ ਦੀ ਭਾਜਪਾ ਨੂੰ ਸਦਾ ਜ਼ਰੂਰਤ ਰਹਿੰਦੀ ਹੈ। ਹੁਣ ਤਾਂ ਇਹ ਯਾਦ ਰੱਖਣਾ ਵੀ ਔਖਾ ਹੋ ਗਿਆ ਹੈ ਕਿ ਗੁਰਮੀਤ ਰਾਮ ਰਹੀਮ ਕਿੰਨੇ ਦਿਨ ਜੇਲ੍ਹ ਵਿੱਚ ਹੁੰਦਾ ਹੈ ਤੇ ਕਿੰਨੇ ਦਿਨ ਪੈਰੋਲ ਜਾਂ ਫਰਲੋ ’ਤੇ ਬਾਹਰ। ਇਸ ਸੰਬੰਧੀ ਇੱਕ ਦਿਲਚਸਪ ਕਾਰਟੂਨ ਬਣਿਆ ਹੋਇਆ ਹੈ, ਜਿਸ ਵਿੱਚ ਸੀਖਾਂ ਅੰਦਰ ਬੰਦ ਗੁਰਮੀਤ ਰਾਮ ਰਹੀਮ ਨੂੰ ਬਾਹਰ ਖੜ੍ਹਾ ਸੰਤਰੀ ਚਾਬੀਆਂ ਫੜਾ ਕੇ ਇਹ ਕਹਿ ਰਿਹਾ ਹੈ ਕਿ, ‘ਬਾਬਾ ਜੀ ਤੁਸੀਂ ਇਨ੍ਹਾਂ ਨੂੰ ਆਪਣੇ ਕੋਲ ਹੀ ਰੱਖ ਲਓ।’
ਪਹਿਲਾਂ ਇਹ ਧਾਰਨਾ ਸੀ ਕਿ ਅੱਜ ਦੇਸ਼ ਦੀ ਸੱਤਾ ਕਾਰਪੋਰੇਟਾਂ ਤੇ ਸੱਤਾਧਾਰੀਆਂ ਦਾ ਗੱਠਜੋੜ ਚਲਾ ਰਿਹਾ ਹੈ, ਹੁਣ ਇਸ ਗੱਠਜੋੜ ਦਾ ਹਿੱਸਾ ਅਪਰਾਧੀ ਤੇ ਬਲਾਤਕਾਰੀ ਵੀ ਬਣ ਚੁੱਕੇ ਹਨ। ਇਸ ਦੇ ਬਾਵਜੂਦ 56 ਇੰਚੀ ਹੁਕਮਰਾਨ ਏਨਾ ਡਰਿਆ ਹੋਇਆ ਹੈ ਕਿ ਉਸ ਨੂੰ ਵਿਰੋਧ ਦੀ ਹਰ ਅਵਾਜ਼ ਕੰਬਣੀ ਛੇੜ ਦਿੰਦੀ ਹੈ। ਉਕਤ ਦੋਵੇਂ ਘਟਨਾਵਾਂ ਗਾਂਧੀ ਜੈਅੰਤੀ ਮੌਕੇ ਵਾਪਰੀਆਂ ਹਨ। ਅਹਿੰਸਾ ਤੇ ਮਨੁੱਖੀ ਅਧਿਕਾਰਾਂ ਦੇ ਪੁਜਾਰੀ ਗਾਂਧੀ ਜੀ ਨੂੰ ਸੱਤਾਧਾਰੀਆਂ ਵੱਲੋਂ ਦਿੱਤਾ ਗਿਆ ਇਹੋ ਤੋਹਫਾ ਹੈ। ਗਾਂਧੀ ਜੀ ਦੇ ਇਸ ਦੇਸ਼ ਵਿੱਚ ਮੌਜੂਦਾ ਹਕੂਮਤੀ ਦੌਰ ਦੌਰਾਨ ਜਿੰਨੇ ਲੋਕਾਂ ਨੂੰ ਦੇਸ਼ਧ੍ਰੋਹੀ ਬਣਾ ਦਿੱਤਾ ਗਿਆ ਹੈ, ਏਨੇ ਤਾਂ ਅੰਗਰੇਜ਼ੀ ਰਾਜ ਦੌਰਾਨ ਵੀ ਨਹੀਂ ਸਨ ਬਣਾਏ ਗਏ। ਇਹ ਹਾਲਾਤ ਦੀ ਸਚਾਈ ਹੈ ਕਿ ਜੇ ਅੱਜ ਗਾਂਧੀ ਜ਼ਿੰਦਾ ਹੁੰਦੇ ਤੇ ਡਾਂਡੀ ਮਾਰਚ ਕਰਦੇ ਤਾਂ ਉਨ੍ਹਾ ਨੂੰ ਵੀ ਦੇਸ਼ਧ੍ਰੋਹੀ ਬਣਾ ਕੇ ਜੇਲ੍ਹ ਵਿੱਚ ਸੁੱਟਿਆ ਹੋਣਾ ਸੀ।
ਦੇਸ਼ ਦੇ ਮੀਡੀਆ ਨੇ ਸਾਬਤ ਕਰ ਦਿੱਤਾ ਹੈ ਕਿ ਅੱਜ ਗਾਂਧੀ ਜੀ ਦੀ ਕੀ ਔਕਾਤ ਹੈ। ਇੱਕ ਪਾਸੇ ਮੀਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਂਧੀ ਜੀ ਨੂੰ ਫੁੱਲ ਅਰਪਿਤ ਕਰਦਿਆਂ ਦਿਖਾ ਰਿਹਾ ਸੀ, ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਨੱਥੂ ਰਾਮ ਗੌਡਸੇ ਅਮਰ ਰਹੇ ਟਰੈਂਡ ਕਰ ਰਿਹਾ ਸੀ। ਸਰਕਾਰ, ਮੰਤਰੀ ਤੇ ਸੰਤਰੀ ਸਾਰੇ ਖਾਮੋਸ਼ ਰਹੇ ਕਿਉਂਕਿ ਉਹ ਇਹੋ ਹੀ ਮੰਨਦੇ ਹਨ। ਸਾਲ 2019 ਵਿੱਚ ਭਾਜਪਾ ਦੇ ਸ਼ਾਸਨ ਵਾਲੇ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਬਣੇ ਗਾਂਧੀ ਭਵਨ ਵਿੱਚੋਂ ਗਾਂਧੀ ਜੀ ਦੀ ਰਾਖ ਤੇ ਸਾਮਾਨ ਚੋਰੀ ਹੋ ਗਿਆ ਸੀ। ਚੋਰ ਉਨ੍ਹਾਂ ਦੀ ਫੋਟੋ ਹੇਠਾਂ ਗ਼ੱਦਾਰ ਲਿਖ ਗਏ ਸਨ। ਗਾਂਧੀ ਜੀ ਦੇ ਪੁਤਲੇ ’ਤੇ ਗੋਲੀਆਂ ਚਲਾਉਣ ਵਾਲੀ ਸਾਧਵੀ ਸਾਂਸਦ ਬਣਾ ਦਿੱਤੀ ਗਈ ਸੀ।
ਵਿਅੰਗਕਾਰ ਹਰੀਸ਼ੰਕਰ ਪਰਸਾਈ ਨੇ ਜਨਸੰਘ ਦੇ ਜ਼ਮਾਨੇ ਵਿੱਚ ਗਾਂਧੀ ਜੀ ਦੇ ਨਾਂਅ ਪੱਤਰ ਵਿੱਚ ਲਿਖਿਆ ਸੀ, ‘‘ਤੁਹਾਡੇ ਨਾਂਅ ’ਤੇ ਸੜਕਾਂ ਹਨ, ਮਹਾਤਮਾ ਗਾਂਧੀ ਮਾਰਗ ਹੈ, ਮਹਾਤਮਾ ਗਾਂਧੀ ਰੋਡ ਹੈ, ਸਾਡੇ ਨੇਤਾ ਰੋਜ਼ ਉਨ੍ਹਾਂ ਉਤੇ ਚਲਦੇ ਹਨ। ਕੌਣ ਕਹਿੰਦਾ ਹੈ ਕਿ ਉਨ੍ਹਾਂ ਤੁਹਾਡਾ ਮਾਰਗ ਛੱਡ ਦਿੱਤਾ ਹੈ।’’
ਉਨ੍ਹਾਂ ਆਪਣੇ ਲੰਮੇ ਪੱਤਰ ਵਿੱਚ ਅੱਗੇ ਲਿਖਿਆ ਸੀ, ‘‘ਗੌਡਸੇ ਨੂੰ ਭਗਤ ਸਿੰਘ ਦਾ ਦਰਜਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਗੌਡਸੇ ਨੇ ਹਿੰਦੂ ਰਾਸ਼ਟਰ ਵਿਰੋਧੀ ਗਾਂਧੀ ਨੂੰ ਮਾਰਿਆ ਸੀ। ਗੌਡਸੇ ਜਦੋਂ ਭਗਤ ਸਿੰਘ ਵਾਂਗ ਕੌਮੀ ਹੀਰੋ ਬਣ ਜਾਵੇਗਾ ਤਾਂ 30 ਜਨਵਰੀ ਦਾ ਕੀ ਬਣੇਗਾ? ‘ਗਾਂਧੀ ਨਿਰਵਾਣ ਦਿਵਸ’, ‘ਗੌਡਸੇ ਗੌਰਵ ਦਿਵਸ’ ਬਣ ਜਾਵੇਗਾ। ਜਦੋਂ 30 ਜਨਵਰੀ ਨੂੰ ਗੌਡਸੇ ਦੀ ਜੈ ਜੈਕਾਰ ਹੋਵੇਗੀ। ਦੱਸਿਆ ਜਾਵੇਗਾ ਕਿ ਇਸ ਬਹਾਦਰ ਨੇ ਗਾਂਧੀ ਨੂੰ ਮਾਰਿਆ ਸੀ। ਤੁਹਾਨੂੰ ਗੌਡਸੇ ਦੇ ਬਹਾਨੇ ਯਾਦ ਕੀਤਾ ਜਾਵੇਗਾ। ਹੁਣ ਤੱਕ ਗੌਡਸੇ ਨੂੰ ਤੁਹਾਡੇ ਬਹਾਨੇ ਯਾਦ ਕੀਤਾ ਜਾਂਦਾ ਹੈ। ਇੱਕ ਮਹਾਨ ਮਨੁੱਖ ਹੱਥੋਂ ਮਰਨ ਦਾ ਕਿੰਨਾ ਫਾਇਦਾ ਤੁਹਾਨੂੰ ਮਿਲੇਗਾ। ਲੋਕ ਜਦੋਂ ਪੁੱਛਣਗੇ ਕਿ ਗਾਂਧੀ ਕੌਣ ਸੀ ਤਾਂ ਜਵਾਬ ਮਿਲੇਗਾ ਉਹੀ ਜਿਸ ਨੂੰ ਗੌਡਸੇ ਨੇ ਮਾਰਿਆ ਸੀ।’’
ਅੱਜ ਦੇਸ਼ ਦੀ ਹਾਲਤ ਇਹ ਹੈ ਕਿ ਹਿੰਦੂ ਅੱਤਵਾਦੀ ਸੰਗਠਨ ਸੱਤਾ ਦੇ ਨਸ਼ੇ ਵਿੱਚ ਚੂਰ ਹਨ। ਰਾਸ਼ਟਰੀ ਸਵੈਮਸੇਵਕ ਸੰਘ ਆਪਣੇ ਆਪ ਨੂੰ ਭਾਰਤ ਵਰਸ਼ ਬਣਾਈ ਬੈਠਾ ਹੈ। ਜਨਤਾ ਆਪਣੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਵਿਰੋਧੀ ਧਿਰ ਜ਼ਬਾਨੀ-ਕਲਾਮੀ ਜਮ੍ਹਾਂ ਖਰਚ ਤੋਂ ਅੱਗੇ ਨਹੀਂ ਵਧ ਰਹੀ। ਇਹੋ ਹਾਲਾਤ ਰਹੇ ਤਾਂ ਇੱਕ ਦਿਨ ਮਹਾਤਮਾ ਗਾਂਧੀ ਪੂਰੀ ਤਰ੍ਹਾਂ ਭੁਲਾ ਦਿੱਤੇ ਜਾਣਗੇ ਤੇ ਕੌਮੀ ਪੱਧਰ ’ਤੇ ਗੌਡਸੇ ਦੀ ਜੈਅੰਤੀ ਮਨਾਈ ਜਾਇਆ ਕਰੇਗੀ।
-ਚੰਦ ਫਤਿਹਪੁਰੀ