ਕੋਲਕਾਤਾ : ਸਥਾਨਕ ਸਰਕਾਰੀ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਅਧਿਕਾਰੀਆਂ ਨੇ ਨੋਟੀਫਿਕੇਸ਼ਨ ਰਾਹੀਂ ਹਸਪਤਾਲ ਤੋਂ ਇੰਟਰਨ, ਹਾਊਸ ਸਟਾਫ ਅਤੇ ਸੀਨੀਅਰ ਰੈਜ਼ੀਡੈਂਟਾਂ ਸਣੇ 10 ਡਾਕਟਰਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਸਾਰੇ ਜਣੇ ਸਾਬਕਾ ਪਿ੍ਰੰਸੀਪਲ ਸੰਦੀਪ ਘੋਸ਼ ਦੇ ਕਰੀਬੀ ਮੰਨੇ ਜਾਂਦੇ ਹਨ। ਘੋਸ਼ ਇਸ ਸਮੇਂ ਸੀ ਬੀ ਆਈ ਦੀ ਹਿਰਾਸਤ ’ਚ ਹੈ, ਜਿਸ ਖਿਲਾਫ ਕੇਂਦਰੀ ਹਸਪਤਾਲ ’ਚ ਜੂਨੀਅਰ ਡਾਕਟਰ ਨਾਲ ਜਬਰ-ਜ਼ਨਾਹ ਤੇ ਹੱਤਿਆ ਅਤੇ ਵਿੱਤੀ ਬੇਨੇਮੀਆਂ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੱਢੇ ਗਏ 10 ਵਿਅਕਤੀਆਂ ਵਿੱਚੋਂ ਇੱਕ ਹਾਊਸ ਸਟਾਫ ਮੈਂਬਰ ਆਸ਼ੀਸ਼ ਪਾਂਡੇ ਵੀ ਹੈ, ਜੋ ਵਿੱਤੀ ਬੇਨੇਮੀਆਂ ਦੇ ਮਾਮਲੇ ’ਚ ਕਥਿਤ ਸ਼ਮੂਲੀਅਤ ਕਾਰਨ ਪਹਿਲਾਂ ਹੀ ਸੀ ਬੀ ਆਈ ਦੀ ਹਿਰਾਸਤ ’ਚ ਹੈ। ਨੋਟੀਫਿਕੇਸ਼ਨ ਮੁਤਾਬਕ ਸਾਰਿਆਂ ਨੂੰ 72 ਘੰਟਿਆਂ ਦੇ ਅੰਦਰ ਮੈਡੀਕਲ ਕਾਲਜ ਦਾ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ ਅਤੇ ਉਨ੍ਹਾਂ ਦੇ ਰਜਿਸਟਰੇਸ਼ਨ ਦਸਤਾਵੇਜ਼ ਢੁੱਕਵੀਂ ਕਾਰਵਾਈ ਲਈ ਬੰਗਾਲ ਮੈਡੀਕਲ ਕੌਂਸਲ ਨੂੰ ਭੇਜੇ ਜਾਣਗੇ।