ਨਵੀਂ ਦਿੱਲੀ : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਅਤੇ ਮਾਲਦੀਵ ਦੀ ਪਹਿਲੀ ਮਹਿਲਾ ਸਾਜਿਦਾ ਮੁਹੰਮਦ ਭਾਰਤ ਦੌਰੇ ’ਤੇ ਐਤਵਾਰ ਨਵੀਂ ਦਿੱਲੀ ਪਹੁੰਚੇ। ਮੁਈਜ਼ੂ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ। ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੱਦੇ ’ਤੇ 10 ਅਕਤੂਬਰ ਤੱਕ ਭਾਰਤ ’ਚ ਰਹਿਣਗੇ। ਉਹ ਮੁੰਬਈ ਅਤੇ ਬੇਂਗਲੁਰੂ ਵੀ ਜਾਣਗੇ। ਜੂਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਮੁਈਜ਼ੂ ਦੀ ਇਹ ਦੂਜੀ ਭਾਰਤ ਯਾਤਰਾ ਹੈ। ਰਵਾਇਤ ਮੁਤਾਬਕ ਮਾਲਦੀਵ ਦੇ ਲਗਭਗ ਹਰ ਰਾਸ਼ਟਰਪਤੀ ਆਪਣੀ ਪਹਿਲੀ ਵਿਦੇਸ਼ ਯਾਤਰਾ ਭਾਰਤ ਦੀ ਕਰਦੇ ਸਨ ਪਰ ਅਹੁਦਾ ਸੰਭਾਲਣ ਤੋਂ ਬਾਅਦ ਮੁਈਜ਼ੂ ਨੇ ਤੁਰਕੀ ਅਤੇ ਫਿਰ ਚੀਨ ਦਾ ਦੌਰਾ ਕਰਕੇ ਇਸ ਰੁਝਾਨ ਨੂੰ ਬਦਲ ਦਿੱਤਾ। ਮੁਈਜ਼ੂ ਨੇ ‘ਇੰਡੀਆ ਆਊਟ’ ਨਾਅਰੇ ਨਾਲ ਰਾਸ਼ਟਰਪਤੀ ਦੀ ਚੋਣ ਮੁਹਿੰਮ ਚਲਾਈ ਸੀ। ਉਨ੍ਹਾ ਕਿਹਾ ਸੀ ਕਿ ਜਿੱਤਣ ’ਤੇ ਭਾਰਤੀ ਫੌਜਾਂ ਨੂੰ ਵਾਪਸ ਭੇਜਿਆ ਜਾਵੇਗਾ।