ਹਥਿਆਰ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾ ਫਾਸ਼ ਕਰਕੇ 5 ਪਿਸਤੌਲ ਬਰਾਮਦ

0
128

ਜਲੰਧਰ (ਸ਼ੈਲੀ ਐਲਬਰਟ, ਇਕਬਾਲ ਉੱਭੀ)
ਜਲੰਧਰ ਦਿਹਾਤੀ ਪੁਲਸ ਨੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ ਹੈ। ਇਸ ਦੇ ਮੁਖੀ ਨੂੰ ਗਿ੍ਰਫਤਾਰ ਕਰਕੇ ਪੰਜ ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਹਥਿਆਰਾਂ ਦੀ ਗੈਰ-ਕਾਨੂੰਨੀ ਢੋਆ-ਢੁਆਈ ਨੂੰ ਨਿਸ਼ਾਨਾ ਬਣਾਉਣ ਵਾਲਾ ਇਹ ਅਪ੍ਰੇਸ਼ਨ ਖੇਤਰ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੇ ਪ੍ਰਵਾਹ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਕਦਮ ਹੈ।
ਫੜੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਉਰਫ ਜੀਓਨਾ ਵਾਸੀ ਪਿੰਡ ਮੰਡਿਆਲਾ, ਥਾਣਾ ਲੋਹੀਆਂ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ ਐੱਸ ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਬੀਤੀ 2 ਅਕਤੂਬਰ ਨੂੰ ਪੁਲਸ ਨੂੰ ਲਾਂਬੜਾ ਇਲਾਕੇ ਵਿੱਚ ਨਜਾਇਜ਼ ਹਥਿਆਰਾਂ ਦੀ ਇੱਕ ਖੇਪ ਦੀ ਡਲਿਵਰੀ ਹੋਣ ਦੀ ਸੂਚਨਾ ਮਿਲੀ ਸੀ। ਇਸ ਦੇ ਚੱਲਦਿਆਂ ਸੀ ਆਈ ਏ ਸਟਾਫ਼ ਜਲੰਧਰ ਦਿਹਾਤੀ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਨੇ ਡੀ ਐੱਸ ਪੀ (ਡੀ) ਅਤੇ ਐੱਸ ਪੀ ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਦੀ ਕਮਾਂਡ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਪੁਲਸ ਟੀਮ ਪੁਆੜਾ ਪੁਲੀ ਇਲਾਕੇ ’ਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਇੱਕ ਸਥਾਨਕ ਮੁਖਬਰ ਤੋਂ ਸੁਨੀਲ ਕੁਮਾਰ ਦੇ ਅੱਡੇ ਨਿੱਝਰਾਂ ਵਿਖੇ ਨਜਾਇਜ਼ ਹਥਿਆਰਾਂ ਸਮੇਤ ਮੌਜੂਦ ਹੋਣ ਦੀ ਸੂਚਨਾ ਮਿਲੀ। ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਛਾਪਾ ਮਾਰ ਕੇ ਸੁਨੀਲ ਕੁਮਾਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਸੁਨੀਲ ਕੁਮਾਰ ਕੋਲੋਂ ਇੱਕ .32 ਬੋਰ ਦਾ ਪਿਸਤੌਲ, ਇੱਕ ਮੈਗਜ਼ੀਨ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਹੋਏ, ਜਦਕਿ ਉਸ ਦੇ ਕਿੱਟ ਬੈਗ ਵਿੱਚੋਂ ਤਿੰਨ ਹੋਰ ਪਿਸਤੌਲ ਅਤੇ ਛੇ ਜ਼ਿੰਦਾ ਰੌਂਦ ਬਰਾਮਦ ਹੋਏ। ਪੁਲਸ ਨੇ ਕੁੱਲ ਮਿਲਾ ਕੇ ਪੰਜ ਪਿਸਤੌਲ ਅਤੇ ਅੱਠ ਰੌਂਦ ਬਰਾਮਦ ਕੀਤੇ ਹਨ। ਅਸਲਾ ਐਕਟ ਦੀ ਧਾਰਾ 25 (1), 25 (6) (7) (8) ਅਤੇ 29/54/59 ਤਹਿਤ ਲਾਂਬੜਾ ਪੁਲਸ ਸਟੇਸ਼ਨ ਵਿਖੇ ਐੱਫ ਆਈ ਆਰ ਦਰਜ ਕੀਤੀ ਗਈ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਨੀਲ ਕੁਮਾਰ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਕਰਦਾ ਰਿਹਾ ਹੈ, ਜਿੱਥੇ ਇਨ੍ਹਾਂ ਨੂੰ ਮਹਿੰਗੇ ਭਾਅ ਵੇਚਿਆ ਜਾਂਦਾ ਹੈ। ਮੁਲਜ਼ਮ, ਜੋ ਕਿ ਹਾਲ ਹੀ ਵਿੱਚ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਜ਼ਮਾਨਤ ’ਤੇ ਰਿਹਾਅ ਹੋਇਆ ਸੀ, ਦਾ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਤ ਅਪਰਾਧਾਂ ਸਮੇਤ ਅਪਰਾਧਿਕ ਗਤੀਵਿਧੀਆਂ ਦਾ ਲੰਮਾ ਇਤਿਹਾਸ ਹੈ। ਉਸ ਦਾ ਨੈੱਟਵਰਕ ਵਿਦੇਸ਼ਾਂ ਤੋਂ ਕੰਮ ਕਰ ਰਹੇ ਹਾਈ-ਪ੍ਰੋਫਾਈਲ ਅਪਰਾਧੀਆਂ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਜਗਦੀਪ ਸਿੰਘ ਉਰਫ ਜੱਗਾ ਫੁਕੀਵਾਲ, ਜੋ ਕਿ ਇੰਗਲੈਂਡ ਤੋਂ ਫਿਰੌਤੀ ਰੈਕੇਟ ਚਲਾਉਣ ਲਈ ਜਾਣਿਆ ਜਾਂਦਾ ਹੈ ਅਤੇ ਪਵਨ ਕੁਮਾਰ ਉਰਫ ਪੰਮਾ ਪਾਊਡਰ ਸ਼ਾਮਲ ਹਨ। ਜੱਗਾ ਫੁਕੀਵਾਲ ਅਤੇ ਪੰਮਾ ਪਾਊਡਰ ਵਰਗੇ ਅੰਤਰਰਾਸ਼ਟਰੀ ਗੈਂਗਸਟਰਾਂ ਨਾਲ ਸੰਬੰਧਤ ਦੋਵੇਂ ਬਦਨਾਮ ਅਪਰਾਧੀ ਲੰਡਾ ਹਰੀਕੇ ਨਾਲ ਜੁੜੇ ਹੋਏ ਹਨ। ਇਹ ਹਥਿਆਰਾਂ ਦੀ ਤਸਕਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਜਬਰੀ ਵਸੂਲੀ ਵਾਲੇ ਇੱਕ ਵਿਆਪਕ ਅਪਰਾਧਿਕ ਨੈੱਟਵਰਕ ਨੂੰ ਦਰਸਾਉਦੇ ਹਨ।
ਫੜੇ ਗਏ ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦੇ ਅੱਗੇ ਅਤੇ ਪਿੱਛੇ ਸੰਬੰਧਾਂ ਦੀ ਜਾਂਚ ਕਰਨ ਲਈ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਜਿਸ ਵਿੱਚ ਹਥਿਆਰਾਂ ਦੀ ਖਰੀਦ ਅਤੇ ਯੋਜਨਾਬੱਧ ਅਪਰਾਧਿਕ ਗਤੀਵਿਧੀਆਂ ਸ਼ਾਮਲ ਹਨ।
ਐੱਸ ਐੱਸ ਪੀ ਨੇ ਕਿਹਾ ਕਿ ਗਰੋਹ ਦੇ ਹੋਰ ਫਰਾਰ ਮੈਂਬਰਾਂ ਦੀ ਭਾਲ ਜਾਰੀ ਹੈ ਅਤੇ ਜਾਂਚ ਨਾਲ ਹੋਰ ਬਰਾਮਦਗੀ ਦੀ ਉਮੀਦ ਹੈ।