ਚੌਟਾਲਾ ਖਾਨਦਾਨ ਦੇ ਦੋ ਕਾਕੇ ਹੀ ਸਫਲ ਰਹੇ

0
143

ਚੰਡੀਗੜ੍ਹ : ਤਾਊ ਦੇਵੀ ਲਾਲ ਦੇ ਚੌਟਾਲਾ ਕਬੀਲੇ ਵਿੱਚੋਂ 8 ਜੀਆਂ ਨੇ ਹਰਿਆਣਾ ਅਸੰਬਲੀ ਚੋਣਾਂ ਲੜੀਆਂ, ਪਰ ਸਿਰਫ ਦੋ ਅਰਜੁਨ ਚੌਟਾਲਾ ਤੇ ਆਦਿੱਤਿਆ ਚੌਟਾਲਾ ਜਿੱਤ ਸਕੇ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੀਨੀਅਰ ਆਗੂ ਅਭੈ ਚੌਟਾਲਾ ਦੇ ਛੋਟੇ ਬੇਟੇ ਅਰਜੁਨ ਚੌਟਾਲਾ (32) ਰਣੀਆ ਸੀਟ ਜਿੱਤੇ। ਉਨ੍ਹਾ ਕਾਂਗਰਸ ਦੇ ਸਰਵ ਮਿੱਤਰ, ਭਾਜਪਾ ਦੇ ਸ਼ੀਸ਼ਪਾਲ ਕੰਬੋਜ ਅਤੇ ਸਿਟਿੰਗ ਵਿਧਾਇਕ ਤੇ ਭਾਜਪਾ ਦੇ ਬਾਗੀ ਰਣਜੀਤ ਚੌਟਾਲਾ ਨੂੰ ਹਰਾਇਆ। ਰਣਜੀਤ ਚੌਟਾਲਾ ਅਰਜੁਨ ਦੇ ਛੋਟੇ ਦਾਦਾ ਹਨ। ਏਲਨਾਬਾਦ ਹਲਕੇ ਤੋਂ ਕਾਂਗਰਸ ਦੇ ਭਰਤ ਸਿੰਘ ਬੈਨੀਵਾਲ ਨੇ ਇਨੈਲੋ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਅਭੈ ਚੌਟਾਲਾ ਨੂੰ 14861 ਵੋਟਾਂ ਨਾਲ ਹਰਾ ਦਿੱਤਾ। ਬੈਨੀਵਾਲ ਨੂੰ 77455 ਵੋਟਾਂ, ਜਦੋਂਕਿ ਇਨੈਲੋ ਦੇ ਅਭੈ ਸਿੰਘ ਚੌਟਾਲਾ ਨੂੰ 62594 ਵੋਟਾਂ ਮਿਲੀਆਂ। ਭਾਜਪਾ ਦੇ ਅਮੀਰ ਚੰਦ ਨੇ 13192 ਵੋਟਾਂ ਲਈਆਂ। ਇਨੈਲੋ ਦੇ ਅਭੈ ਸਿੰਘ ਚੌਟਾਲਾ 14861 ਵੋਟਾਂ ਨਾਲ ਏਲਨਾਬਾਦ ਸੀਟ ਹਾਰ ਗਏ ਹਨ। ਬੇਹੱਦ ਫਸਵੇਂ ਮੁਕਾਬਲੇ ’ਚ ਇਨੈਲੋ ਨੇ ਆਪਣੀ ਜੱਦੀ ਸੀਟ ਡੱਬਵਾਲੀ ਜਿੱਤ ਲਈ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੇ ਪੋਤਰੇ ਅਤੇ ਇਨੈਲੋ-ਬਸਪਾ ਉਮੀਦਵਾਰ ਅਦਿੱਤਿਆ ਚੌਟਾਲਾ ਕਾਂਗਰਸ ਦੇ ਅਮਿਤ ਸਿਹਾਗ ਨੂੰ 610 ਵੋਟਾਂ ਦੇ ਫਰਕ ਨਾਲ ਹਰਾ ਕੇ ਵਿਧਾਇਕ ਚੁਣੇ ਗਏ ਹਨ। ਇਨੈਲੋ ਨੇ ਇੱਕ ਦਹਾਕੇ ਮਗਰੋਂ ਆਪਣੀ ਸਿਆਸੀ ਰਾਜਧਾਨੀ ਡੱਬਵਾਲੀ ’ਚ ਪਰਚਮ ਲਹਿਰਾਇਆ ਹੈ। ਮਹਿਜ਼ 610 ਵੋਟਾਂ ਨਾਲ ਹਾਰਨ ਵਾਲੇ ਅਮਿਤ ਸਿਹਾਗ 2019 ’ਚ ਵਿਧਾਇਕ ਚੁਣੇ ਗਏ ਸਨ। ਗਿਣਤੀ ਦੇ 16 ਰਾਊਂਡਾਂ ਤਕ ਕਾਫੀ ਫਸਵਾਂ ਮੁਕਾਬਲਾ ਰਿਹਾ। ਜੇਤੂ ਅਦਿੱਤਿਆ ਦੇਵੀਲਾਲ ਨੂੰ 56074 ਵੋਟ ਨੂੰ ਮਿਲੇ ਜਦਕਿ ਅਮਿਤ ਸਿਹਾਗ ਨੂੰ 55464 ਵੋਟ ਹਾਸਲ ਹੋਏ। ਤੀਸਰੇ ਨੰਬਰ ’ਤੇ ਰਹੇ ਜਜਪਾ ਦੇ ਉਮੀਦਵਾਰ ਦਿਗਵਿਜੈ ਸਿੰਘ ਚੌਟਾਲਾ ਨੇ 35261 ਵੋਟਾਂ ਹਾਸਲ ਕੀਤੀਆਂ।