ਸਿਨਹਾ ਨਵੇਂ ਮੁੱਖ ਸਕੱਤਰ

0
147

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅਨੁਰਾਗ ਵਰਮਾ ਨੂੰ ਹਟਾ ਕੇ ਕੇ ਏ ਪੀ ਸਿਨਹਾ ਨੂੰ ਨਵਾਂ ਮੁੱਖ ਸਕੱਤਰ ਬਣਾ ਦਿੱਤਾ ਹੈ। ਇਸ ਤੋਂ ਪਹਿਲਾਂ ਸਿਨਹਾ ਮਾਲ, ਖੇਤੀਬਾੜੀ ਅਤੇ ਜਲ ਸੰਭਾਲ ਵਿਭਾਗਾਂ ’ਚ ਵਿਸ਼ੇਸ਼ ਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਸਨ। ਪਿਛਲੇ ਢਾਈ ਸਾਲਾਂ ’ਚ ਸਿਨਹਾ ਪੰਜਾਬ ਦੇ ਚੌਥੇ ਮੁੱਖ ਸਕੱਤਰ ਹਨ।
ਹੰਡਈ ਦਾ ਆਈ ਪੀ ਓ 15 ਨੂੰ ਖੁੱਲ੍ਹੇਗਾ
ਨਵੀਂ ਦਿੱਲੀ : ਦੱਖਣੀ ਕੋਰੀਆ ਦੀ ਪ੍ਰਮੁੱਖ ਵਾਹਨ ਕੰਪਨੀ ਹੰਡਈ ਦੀ ਭਾਰਤੀ ਇਕਾਈ ਹੰਡਈ ਮੋਟਰ ਇੰਡੀਆ ਲਿਮਟਿਡ ਦਾ 27,870 ਕਰੋੜ ਰੁਪਏ ਦਾ ਆਈ ਪੀ ਓ 15 ਅਕਤੂਬਰ ਨੂੰ ਖੁੱਲ੍ਹੇਗਾ। ਆਈ ਪੀ ਓ ਲਈ ਮੁੱਲ ਦਾਇਰਾ 1864 ਤੋਂ 1960 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। ਇਹ ਭਾਰਤ ਵਿਚ ਸਭ ਤੋਂ ਵੱਡਾ ਆਈ ਪੀ ਓ ਹੋਵੇਗਾ। ਇਸ ਤੋਂ ਪਹਿਲਾਂ ਸਰਵਜਨਕ ਖੇਤਰ ਦੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਦੇ ਆਈ ਪੀ ਓ ਦਾ ਆਕਾਰ 21000 ਕਰੋੜ ਰੁਪਏ ਸੀ। ਇਹ ਆਈ ਪੀ ਓ ਭਾਰਤੀ ਉਦਯੋਗ ਲਈ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਦੋ ਦਹਾਕਿਆਂ ਬਾਅਦ ਕੋਈ ਵਾਹਨ ਨਿਰਮਾਤਾ ਕੰਪਨੀ ਆਪਣਾ ਆਈ ਪੀ ਓ ਲੈ ਕੇ ਆ ਰਹੀ ਹੈ। ਇਸ ਤੋਂ ਪਹਿਲਾਂ ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ 2003 ਵਿਚ ਆਈ ਪੀ ਓ ਲੈ ਕੇ ਆਈ ਸੀ।
ਅਗਵਾ ਜਵਾਨ ਦੀ ਲਾਸ਼ ਮਿਲੀ
ਸ੍ਰੀਨਗਰ : ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਤੋਂ ਲਾਪਤਾ ‘ਟੈਰੀਟੋਰੀਅਲ ਆਰਮੀ’ ਦੇ ਜਵਾਨ ਹਿਲਾਲ ਅਹਿਮਦ ਭੱਟ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਉਤਰਾਸੂ ਇਲਾਕੇ ਦੇ ਸਾਂਗਲਾਨ ਜੰਗਲੀ ਖੇਤਰ ’ਚ ਬਰਾਮਦ ਕੀਤੀ ਹੈ। ਉਹ ਮੰਗਲਵਾਰ ਸ਼ਾਹ ਇਲਾਕੇ ਤੋਂ ਲਾਪਤਾ ਹੋ ਗਿਆ ਸੀ। ਟੈਰੀਟੋਰੀਅਲ ਆਰਮੀ ਦੇ ਦੋ ਜਵਾਨਾਂ ਨੂੰ ਦਹਿਸ਼ਤਗਰਦਾਂ ਨੇ ਕਥਿਤ ਤੌਰ ’ਤੇ ਅਗਵਾ ਕਰ ਲਿਆ ਸੀ। ਇਕ ਜਵਾਨ ਜ਼ਖਮੀ ਹਾਲਤ ’ਚ ਕਿਸੇ ਤਰ੍ਹਾਂ ਬਚ ਕੇ ਨਿਕਲਣ ’ਚ ਕਾਮਯਾਬ ਹੋ ਗਿਆ ਸੀ।
ਮਹਿਲਾ ਦੀ ਮੌਤ, ਬੇਟਾ-ਬੇਟੀ ਗੰਭੀਰ ਜ਼ਖਮੀ
ਸਮਰਾਲਾ (ਸੁਰਜੀਤ ਸਿੰਘ)-ਬੁੱਧਵਾਰ ਸਵੇਰੇ ਇੱਥੋਂ ਪੰਜ ਕਿੱਲੋਮੀਟਰ ਦੂਰ ਸਰਹਿੰਦ ਨਹਿਰ ਦੇ ਗੜ੍ਹੀ ਦੇ ਪੁਲ ਕੋਲ ਕਾਰ ਦੀ ਟਰੱਕ ਨਾਲ ਸਿੱਧੀ ਟੱਕਰ ਵਿਚ 45 ਸਾਲਾ ਪੁਸ਼ਪਾ ਦੇਵੀ ਦੀ ਮੌਤ ਹੋ ਗਈ, ਜਦਕਿ ਉਸ ਦੇ ਬੇਟਾ-ਬੇਟੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰਨਾ ਪਿਆ। ਇਹ ਪਰਵਾਰ ਨੈਣਾ ਦੇਵੀ ਵਿਖੇ ਮੱਥਾ ਟੇਕ ਕੇ ਕਾਰ ਵਿਚ ਲੁਧਿਆਣਾ ਪਰਤ ਰਿਹਾ ਸੀ। ਟੱਕਰ ਦੀ ਆਵਾਜ਼ ਸੁਣ ਕੇ ਖੇਤਾਂ ਵਿਚ ਕੰਮ ਕਰਦੇ ਕਿਸਾਨ ਤੁਰੰਤ ਮੌਕੇ ’ਤੇ ਪੁੱਜੇ ਅਤੇ ਕਾਫੀ ਜੱਦੋਜਹਿਦ ਤੋਂ ਬਾਅਦ ਕਾਰ ਸਵਾਰਾਂ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਪੁਸ਼ਪਾ ਨੂੰ ਮਿ੍ਰਤਕ ਐਲਾਨਿਆ।