ਤਿੰਨ ਬੀਬੀਆਂ ਹੀ ਜਿੱਤੀਆਂ

0
170

ਸ੍ਰੀਨਗਰ : ਜੰਮੂ-ਕਸ਼ਮੀਰ ਅਸੰਬਲੀ ਦੀਆਂ 90 ਸੀਟਾਂ ਲਈ 2014 ਦੀਆਂ 24 ਦੇ ਮੁਕਾਬਲੇ 41 ਮਹਿਲਾਵਾਂ ਮੈਦਾਨ ਵਿਚ ਨਿਤਰੀਆਂ ਸਨ, ਪਰ ਸਫਲ ਤਿੰਨ ਹੀ ਹੋਈਆਂ। ਨੈਸ਼ਨਲ ਕਾਨਫਰੰਸ ਤੇ ਕਾਂਗਰਸ ਨੇ 48 ਸੀਟਾਂ ਜਿੱਤੀਆਂ, ਪਰ ਇਸ ਦੀਆਂ ਦੋ ਮਹਿਲਾਵਾਂ ਹੀ ਸਫਲ ਰਹੀਆਂ। ਤੀਜੀ ਉਮੀਦਵਾਰ ਭਾਜਪਾ ਦੀ ਜਿੱਤੀ। ਭਾਜਪਾ ਦੀ 29 ਸਾਲਾ ਸ਼ਗੁਨ ਪਰਿਹਾਰ ਨੇ ਕਿਸ਼ਤਵਾੜ ਹਲਕੇ ’ਚ ਨੈਸ਼ਨਲ ਕਾਨਫਰੰਸ ਦੇ ਸਾਬਕਾ ਮੰਤਰੀ ਸੱਜਾਦ ਅਹਿਮਦ ਕਿਚਲੂ ਨੂੰ 521 ਵੋਟਾਂ ਨਾਲ ਹਰਾਇਆ। ਇਲੈਕਟ੍ਰੀਕਲ ਪਾਵਰ ਸਿਸਟਮਜ਼ ਵਿਚ ਐੱਮ ਟੈਕ ਦੀ ਡਿਗਰੀ ਹਾਸਲ ਪਰਿਹਾਰ ਪੀ ਐੱਚ ਡੀ ਕਰਨ ਦੇ ਨਾਲ-ਨਾਲ ਜੇ ਐਂਡ ਕੇ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦੀ ਤਿਆਰੀ ਵੀ ਕਰ ਰਹੀ ਸੀ, ਜਦੋਂ ਭਾਜਪਾ ਨੇ ਉਸ ਨੂੰ ਉਮੀਦਵਾਰ ਬਣਾਇਆ। 2018 ਵਿਚ ਪਰਿਹਾਰ ਦੇ ਪਿਤਾ ਅਜੀਤ ਪਰਿਹਾਰ ਤੇ ਅੰਕਲ ਅਨਿਲ, ਜੋ ਕਿ ਭਾਜਪਾ ਦਾ ਸੂਬਾ ਸਕੱਤਰ ਸੀ, ਨੂੰ ਪੰਚਾਇਤ ਚੋਣਾਂ ਤੋਂ ਪਹਿਲਾਂ ਘਰ ਦੇ ਨੇੜੇ ਦਹਿਸ਼ਤਗਰਦਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਨੈਸ਼ਨਲ ਕਾਨਫਰੰਸ ਦੀ ਸੀਨੀਅਰ ਆਗੂ ਤੇ ਮਹਿਲਾ ਵਿੰਗ ਦੀ ਪ੍ਰਧਾਨ ਸ਼ਮੀਮਾ ਫਿਰਦੌਸ ਨੇ ਹੱਬਾਕਦਲ ਵਿਚ ਭਾਜਪਾ ਦੇ ਅਸ਼ੋਕ ਕੁਮਾਰ ਭੱਟ ਨੂੰ 9538 ਵੋਟਾਂ ਦੇ ਫਰਕ ਨਾਲ ਹਰਾਇਆ। ਫਿਰਦੌਸ ਇਸ ਹਲਕੇ ਤੋਂ 2008 ਤੇ 2014 ਵਿਚ ਵੀ ਜਿੱਤੀ ਸੀ। ਨੈਸ਼ਨਲ ਕਾਨਫਰੰਸ ਦੀ ਹੀ ਸਾਬਕਾ ਮੰਤਰੀ ਸਕੀਨਾ ਈਟੂ ਨੇ ਕੁਲਗਾਮ ਜ਼ਿਲ੍ਹੇ ’ਚ ਡੀ ਐੱਚ ਪੋਰਾ ਹਲਕੇ ’ਚ ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਗੁਲਜ਼ਾਰ ਅਹਿਮਦ ਡਾਰ ਨੂੰ 17449 ਵੋਟਾਂ ਦੇ ਫਰਕ ਨਾਲ ਹਰਾਇਆ। ਸਕੀਨਾ ਨੇ 1996 ਵਿਚ 26 ਸਾਲ ਦੀ ਉਮਰ ’ਚ ਪਹਿਲੀ ਵਾਰ ਅਸੰਬਲੀ ਸੀਟ ਜਿੱਤੀ ਸੀ ਤੇ ਉਹ ਇਹ ਜਿੱਤ ਹਾਸਲ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਸੀ।