2019 ਦੀਆਂ ਹਰਿਆਣਾ ਅਸੰਬਲੀ ਚੋਣਾਂ ’ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਕਾਰਨ 10 ਸੀਟਾਂ ਜਿੱਤਣ ਵਾਲੀ ਨਵੀਂ ਪਾਰਟੀ ‘ਜਨਨਾਇਕ ਜਨਤਾ ਪਾਰਟੀ’ ਕਿੰਗਮੇਕਰ ਬਣ ਗਈ ਸੀ। ਹਾਲਾਂਕਿ ਇਸ ਨੇ ਭਾਜਪਾ ਦੇ ਖਿਲਾਫ ਲੜ ਕੇ ਹੀ 10 ਸੀਟਾਂ ਜਿੱਤੀਆਂ ਸਨ, ਪਰ ਸੱਤਾ ਖਾਤਰ ਇਸ ਨੇ ਆਪਣੇ ਸਿਧਾਂਤਾਂ ਨਾਲ ਸਮਝੌਤਾ ਕਰ ਲਿਆ। ਇਸ ਦਾ ਆਗੂ ਦੁਸ਼ਯੰਤ ਚੌਟਾਲਾ ਮਨੋਹਰ ਲਾਲ ਖੱਟਰ ਦੀ ਦੂਜੀ ਵਾਰ ਸਰਕਾਰ ਬਣਵਾ ਕੇ ਉਸ ’ਚ ਉਪ ਮੁੱਖ ਮੰਤਰੀ ਬਣ ਗਿਆ ਤੇ ਆਪਣੇ ਕੁਝ ਸਾਥੀ ਵੀ ਮੰਤਰੀ ਬਣਵਾ ਲਏ। ਸੱਤਾ ਮਾਣਦਿਆਂ ਦੁਸ਼ਯੰਤ ਚੌਟਾਲਾ ਨੇ ਆਪਣੇ ਪੜਦਾਦੇ ਤਾਊ ਦੇਵੀ ਲਾਲ ਦੇ ਅਸੂਲਾਂ ਨੂੰ ਭੁਲਾ ਦਿੱਤਾ ਅਤੇ ਕਿਸਾਨਾਂ ਤੇ ਭਲਵਾਨਾਂ ਦੇ ਅੰਦੋਲਨ ਦੌਰਾਨ ਬਣਦਾ ਪੈਂਤੜਾ ਨਹੀਂ ਮੱਲਿਆ। ਉਸ ਦੀ ਪਾਰਟੀ ਲੋਕਾਂ ਦੀਆਂ ਨਜ਼ਰਾਂ ’ਚ ਏਨੀ ਡਿਗ ਗਈ ਕਿ ਭਾਜਪਾ ਨੇ ਚੋਣਾਂ ਵਾਲੇ ਸਾਲ ਉਸ ਨੂੰ ਮੱਖਣ ਵਿੱਚੋਂ ਵਾਲ ਕੱਢਣ ਵਾਂਗ ਪਾਸੇ ਕਰ ਦਿੱਤਾ। ਭਾਜਪਾ ਨੇ ਵੇਲੇ ਸਿਰ ਭਾਂਪ ਲਿਆ ਕਿ ਦੁਸ਼ਯੰਤ ਨਾਲ ਆੜੀ ਬੋਝ ਹੀ ਸਾਬਤ ਹੋਣੀ ਹੈ। ਉਹ 2024 ਦੀਆਂ ਚੋਣਾਂ ਚੰਦਰ ਸ਼ੇਖਰ ਆਜ਼ਾਦ ਦੀ ਆਜ਼ਾਦ ਸਮਾਜ ਪਾਰਟੀ ਨਾਲ ਮਿਲ ਕੇ ਲੜਿਆ। ਸਮਝੌਤੇ ਵੇਲੇ ਐਲਾਨ ਇਹ ਕੀਤਾ ਗਿਆ ਸੀ ਕਿ ਦੋਨੋਂ ਪਾਰਟੀਆਂ 90 ਦੀਆਂ 90 ਸੀਟਾਂ ਲੜਨਗੀਆਂ, ਪਰ ਦੁਸ਼ਯੰਤ ਦੀ ਪਾਰਟੀ ਨੇ 66 ਤੇ ਆਜ਼ਾਦ ਦੀ ਪਾਰਟੀ ਨੇ 12 ਉਮੀਦਵਾਰ ਹੀ ਉਤਾਰੇ। ਜਨਨਾਇਕ ਜਨਤਾ ਪਾਰਟੀ ਦਾ ਕੋਈ ਉਮੀਦਵਾਰ ਸਫਲ ਨਹੀਂ ਹੋਇਆ। ਡੱਬਵਾਲੀ ਤੋਂ ਲੜਿਆ ਦੁਸ਼ਯੰਤ ਦਾ ਭਰਾ ਦਿਗਵਿਜੇ ਚੌਟਾਲਾ ਹੀ ਜ਼ਮਾਨਤ ਬਚਾ ਸਕਿਆ, ਬਾਕੀ ਸਭ ਉਮੀਦਵਾਰਾਂ, ਦੁਸ਼ਯੰਤ ਸਮੇਤ, ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਦੁਸ਼ਯੰਤ ਤਾਂ ਉਚਾਨਾ ਕਲਾਂ ਵਿਚ ਪੰਜਵੇਂ ਨੰਬਰ ’ਤੇ ਆਇਆ। 2019 ਵਿਚ ਉਸ ਨੇ ਇਹ ਸੀਟ 92504 ਵੋਟਾਂ ਲੈ ਕੇ ਜਿੱਤੀ ਸੀ ਤੇ ਐਤਕੀਂ ਉਸ ਨੂੰ ਸਿਰਫ 7950 ਵੋਟਾਂ ਹੀ ਮਿਲੀਆਂ। ਦਾਦੇ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਾਲੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਗਰਦਿਸ਼ ਵਿਚ ਜਾਣ ਤੋਂ ਬਾਅਦ ਪੋਤੇ ਦੁਸ਼ਯੰਤ ਨੇ ਜਨਨਾਇਕ ਜਨਤਾ ਪਾਰਟੀ ਦੇ ਰੂਪ ’ਚ ਚੰਗੀ-ਭਲੀ ਪਾਰਟੀ ਖੜ੍ਹੀ ਕਰ ਲਈ ਸੀ, ਪਰ ਅਸੂਲਾਂ ਦੀ ਥਾਂ ਸੱਤਾ ਨੂੰ ਪਹਿਲ ਦੇ ਕੇ ਪੰਜ ਸਾਲਾਂ ਵਿਚ ਹੀ ਬੁਰਾ ਹਸ਼ਰ ਕਰਵਾ ਲਿਆ। ਦੁਸ਼ਯੰਤ ਨੇ ਇਹ ਗਲਤੀ ਇਹ ਜਾਣਦਿਆਂ ਕੀਤੀ ਕਿ ਪੜਦਾਦੇ ਦੇ ਪੱਗ-ਵੱਟ ਭਾਈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਬੇਟੇ ਸੁਖਬੀਰ ਸਿੰਘ ਬਾਦਲ ਨੇ ਸੱਤਾ ਦੀ ਖਾਤਰ ਭਾਜਪਾ ਦੇ ਕਿਸਾਨ-ਵਿਰੋਧੀ ਰਵੱਈਏ ਦਾ ਮੌਕੇ ਸਿਰ ਡਟਵਾਂ ਵਿਰੋਧ ਨਾ ਕਰਕੇ ਅਕਾਲੀ ਦਲ ਦਾ ਮਾੜਾ ਹਾਲ ਕਰਵਾ ਲਿਆ ਸੀ।
ਦੂਜੇ ਪਾਸੇ, ਇਕ ਹੋਰ ਇਲਾਕਾਈ ਪਾਰਟੀ ਨੈਸ਼ਨਲ ਕਾਨਫਰੰਸ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਖੜ੍ਹ ਕੇ ਮੁੜ ਸੱਤਾ ਵਿਚ ਆ ਗਈ ਹੈ। ਹਾਲਾਂਕਿ ਨੈਸ਼ਨਲ ਕਾਨਫਰੰਸ ਸਰਹੱਦੀ ਸੂਬੇ ਦੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਕੇਂਦਰ ’ਚ ਭਾਜਪਾ ਤੇ ਕਾਂਗਰਸ ਨਾਲ ਗੱਠਜੋੜ ਕਰਦੀ ਰਹੀ ਹੈ, ਪਰ ਧਾਰਾ 370 ਖਤਮ ਕਰਨ ਵਾਲੀ ਭਾਜਪਾ ਨਾਲ ਉਸ ਨੇ ਸੂਬੇ ਵਿਚ ਗੱਠਜੋੜ ਨਹੀਂ ਕੀਤਾ। ਉਹ ਆਪਣੇ ਲੋਕਾਂ ਦੇ ਨਾਲ ਖੜ੍ਹੀ, ਜਿਸ ਦਾ ਫਲ ਉਸ ਨੂੰ ਤਾਜ਼ਾ ਅਸੰਬਲੀ ਚੋਣਾਂ ਵਿਚ ਮਿਲਿਆ। ਕਾਂਗਰਸ ਤੇ ਭਾਜਪਾ ਨਾਲ ਕੇਂਦਰੀ ਸੱਤਾ ਵਿਚ ਡੀ ਐੱਮ ਕੇ ਵੀ ਭਾਈਵਾਲ ਬਣਦੀ ਰਹੀ ਹੈ, ਪਰ ਸੂਬੇ ਦੇ ਹਿੱਤਾਂ ਨੂੰ ਉਸ ਨੇ ਸਦਾ ਉੱਤੇ ਰੱਖਿਆ। ਜੰਮੂ-ਕਸ਼ਮੀਰ ਵਿਚ ਸਾਬਕਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਅਲਤਾਫ ਬੁਖਾਰੀ ਤੇ ਸੱਜਾਦ ਲੋਨ ਵਰਗਿਆਂ ਨੇ ਪਾਰਟੀਆਂ ਬਣਾ ਕੇ ਅਸੂਲੀ ਲੜਾਈ ਲੜਨ ਦੀ ਥਾਂ ਭਾਜਪਾ ਨਾਲ ਈਟੀ-ਸੀਟੀ ਲਾ ਕੇ ਚੋਣਾਂ ਲੜੀਆਂ ਤੇ ਉਨ੍ਹਾਂ ਦੇ ਪੱਲੇ ਕੱਖ ਨਹੀਂ ਪਿਆ। ਹਰਿਆਣਾ ਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹੀ ਇਲਾਕਾਈ ਪਾਰਟੀਆਂ ਕਾਮਯਾਬ ਰਹਿੰਦੀਆਂ ਹਨ, ਜਿਹੜੀਆਂ ਸੱਤਾ ਲਈ ਸਮਝੌਤੇ ਕਰਨ ਦੀ ਥਾਂ ਆਪਣੇ ਲੋਕਾਂ ਲਈ ਸੰਘਰਸ਼ ਨੂੰ ਪਹਿਲ ਦਿੰਦੀਆਂ ਹਨ।



