ਨਵੀਂ ਦਿੱਲੀ : ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਵੀਰਵਾਰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਚੋਣ ਨਤੀਜਿਆਂ ਦਾ ਜਾਇਜ਼ਾ ਲਿਆ ਅਤੇ ਅਣਕਿਆਸੀ ਹਾਰ ਦੇ ਕਾਰਨਾਂ ਬਾਰੇ ਵਿਚਾਰ-ਚਰਚਾ ਕੀਤੀ।
ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਰਾਹੁਲ ਗਾਂਧੀ ਹਰਿਆਣਾ ਦੇ ਕਾਂਗਰਸੀਆਂ ਤੋਂ ਕਾਫੀ ਨਾਰਾਜ਼ ਦਿਖਾਈ ਦਿੱਤੇ। ਉਨ੍ਹਾ ਕਿਹਾ ਕਿ ਪਾਰਟੀ ਆਗੂਆਂ ਨੇ ਜਿੱਤ ਤੇ ਪਾਰਟੀ ਹਿੱਤਾਂ ਨਾਲੋਂ ਆਪਣੇ ਜ਼ਾਤੀ ਹਿੱਤਾਂ ਨੂੰ ਜ਼ਿਆਦਾ ਤਰਜੀਹ ਦਿੱਤੀ।
ਪਾਰਟੀ ਨੇ ਹਾਰ ਲਈ ਚੋਣ ਕਮਿਸ਼ਨ ਉਤੇ ਵੀ ਦੋਸ਼ ਲਾਏ ਹਨ। ਮੀਟਿੰਗ ਵਿਚ ਕਾਂਗਰਸ ਪ੍ਰਧਾਨ ਖੜਗੇ, ਰਾਹੁਲ ਗਾਂਧੀ, ਜਨਰਲ ਸਕੱਤਰ ਜਥੇਬੰਦਕ ਕੇ ਸੀ ਵੇਣੂਗੋਪਾਲ, ਚੋਣਾਂ ਲਈ ਪਾਰਟੀ ਦੇ ਅਬਜ਼ਰਵਰ ਅਸ਼ੋਕ ਗਹਿਲੋਤ, ਅਜੇ ਮਾਕਨ ਅਤੇ ਸੂਬੇ ਲਈ ਪਾਰਟੀ ਦੇ ਸਕੱਤਰ ਸ਼ਾਮਲ ਹੋਏ। ਕਾਂਗਰਸ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ ਨੇ ਮੀਟਿੰਗ ਵਿਚ ਆਨਲਾਈਨ ਢੰਗ ਨਾਲ ਸ਼ਿਰਕਤ ਕੀਤੀ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਅਜੇ ਮਾਕਨ ਨੇ ਕਿਹਾਅਸੀਂ ਹਰਿਆਣਾ ਦੇ ਚੋਣ ਨਤੀਜਿਆਂ ’ਤੇ ਸਮੀਖਿਆ ਮੀਟਿੰਗ ਕੀਤੀ ਹੈ। ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ, ਜੋ ਐਗਜ਼ਿਟ ਪੋਲਜ਼ ਤੇ ਚੋਣ ਸਰਵੇਖਣਾਂ ਨੇ ਦਿਖਾਇਆ, ਨਤੀਜੇ ਉਸ ਮੁਤਾਬਕ ਅਣਕਿਆਸੇ ਰਹੇ ਹਨ। ਐਗਜ਼ਿਟ ਪੋਲਜ਼ ਤੇ ਅਸਲ ਨਤੀਜਿਆਂ ਵਿਚ ਭਾਰੀ ਫਰਕ ਸੀ। ਅਸੀਂ ਇਸ ਬਾਰੇ ਚਰਚਾ ਕੀਤੀ, ਇਹ ਵੀ ਘੋਖਿਆ ਕਿ ਇਸ ਦੇ ਕੀ ਕਾਰਨ ਹੋ ਸਕਦੇ ਹਨ। ਅਸੀਂ ਇਸ ਮਾਮਲੇ ਉਤੇ ਢੁਕਵੇਂ ਕਦਮ ਚੁੱਕਾਂਗੇ। ਹਾਰ ਦੇ ਕਈ ਕਾਰਨ ਹਨ, ਚੋਣ ਕਮਿਸ਼ਨ ਤੋਂ ਲੈ ਕੇ ਅੰਦਰੂਨੀ ਮਤਭੇਦਾਂ ਤੱਕ, ਜਿਨ੍ਹਾਂ ਸਾਰਿਆਂ ਉਤੇ ਅਸੀਂ ਚਰਚਾ ਕੀਤੀ ਹੈ ਅਤੇ ਭਵਿੱਖ ਵਿਚ ਹੋਰ ਚਰਚਾ ਕਰਾਂਗੇ, ਕਿਉਂਕਿ ਇਹ ਬਹੁਤ ਵੱਡਾ ਝਟਕਾ ਹੈ।
ਮੀਟਿੰਗ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਕੌਮੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਦੇ ਨਾ ਪੁੱਜਣ ਬਾਰੇ ਪੁੱਛੇ ਜਾਣ ’ਤੇ ਉਨ੍ਹਾ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ, ਉਹ ਸਾਰੇ ਸ਼ਾਮਲ ਹੋਏ।



