24 C
Jalandhar
Friday, October 18, 2024
spot_img

ਦੋ ਭਰਾ ਸਾਢੇ 4 ਕਿੱਲੋ ਹੈਰੋਇਨ ਸਣੇ ਗਿ੍ਰਫਤਾਰ

ਅੰਮਿ੍ਰਤਸਰ (ਨਰਿੰਦਰਜੀਤ ਸਿੰਘ)
ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਵਿਰੁੱਧ ਇੱਕ ਹੋਰ ਵੱਡੀ ਸਫਲਤਾ ਦਰਜ ਕਰਦਿਆਂ ਅੰਮਿ੍ਰਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਭਰਾਵਾਂ ਨੂੰ 4.5 ਕਿਲੋ ਹੈਰੋਇਨ ਤੇ 4.32 ਲੱਖ ਰੁਪਏ ਡਰੱਗ ਮਨੀ ਸਮੇਤ ਗਿ੍ਰਫਤਾਰ ਕੀਤਾ ਹੈ। ਇਸ ਤੋਂ ਇਲਵਾ ਉਕਤ ਤਸਕਰਾਂ ਕੋਲੋਂ ਹੈਰੋਇਨ ਪ੍ਰਾਪਤ ਕਰਕੇ ਕੇਂਦਰੀ ਜੇਲ੍ਹ ਅੰਮਿ੍ਰਤਸਰ ਵਿੱਚ ਸਪਲਾਈ ਕਰਨ ਵਾਲੇ ਜੇਲ੍ਹ ਵਾਰਡਨ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ।
ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਵੀਰਵਾਰ ਦੱਸਿਆ ਕਿ ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ ਆਕਾਸ਼ ਅਤੇ ਸਤਵਿੰਦਰਪਾਲ ਸਿੰਘ ਉਰਫ ਸੱਤੀ ਦੋਵੇਂ ਵਾਸੀ ਗੁਰੂ ਹਰਗੋਬਿੰਦਪੁਰਾ, ਛੇਹਰਟਾ, ਅੰਮਿ੍ਰਤਸਰ ਵਜੋਂ ਹੋਈ ਹੈ, ਜਦਕਿ ਜੇਲ੍ਹ ਵਾਰਡਨ ਦੀ ਪਛਾਣ ਗੁਰਮੇਜ ਸਿੰਘ ਵਾਸੀ ਪਿੰਡ ਕੋਟ ਸਦਰ ਖਾਂ, ਮੋਗਾ ਵਜੋਂ ਕੀਤੀ ਗਈ ਹੈ। ਉਕਤ ਜੇਲ੍ਹ ਵਾਰਡਨ ਕੇਂਦਰੀ ਜੇਲ੍ਹ ਅੰਮਿ੍ਰਤਸਰ ਵਿੱਚ ਬੰਦ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਦਾ ਸੀ।
ਇਹ ਕਾਰਵਾਈ ਅੰਮਿ੍ਰਤਸਰ ਕਮਿਸ਼ਨਰੇਟ ਪੁਲਸ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ 5 ਕਿੱਲੋ ਹੈਰੋਇਨ ਅਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗਿ੍ਰਫਤਾਰ ਕਰਨ ਤੋਂ ਇੱਕ ਦਿਨ ਬਾਅਦ ਅਮਲ ਵਿਚ ਆਈ ਹੈ।
ਡੀ ਜੀ ਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਕਾਸ਼ਦੀਪ ਸਿੰਘ ਅਤੇ ਸਤਿੰਦਰਪਾਲ ਸਿੰਘ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ, ਜੋ ਡਰੋਨ ਦੀ ਵਰਤੋਂ ਕਰਕੇ ਸਰਹੱਦ ਪਾਰੋਂ ਨਸ਼ਿਆਂ ਦੀ ਸਪਲਾਈ ਕਰਦੇ ਸਨ, ਦੇ ਸਿੱਧੇ ਸੰਪਰਕ ਵਿੱਚ ਸਨ ।ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਜੇਲ੍ਹ ਵਾਰਡਨ ਗੁਰਮੇਜ ਸਿੰਘ ਨੂੰ ਹੈਰੋਇਨ ਸਪਲਾਈ ਕਰਦੇ ਸਨ, ਜੋ ਅੱਗੇ ਜੇਲ੍ਹ ’ਚ ਬੈਠੇ ਨਸ਼ਾ ਤਸਕਰਾਂ ਤੱਕ ਨਸ਼ੇ ਦੀ ਸਪਲਾਈ ਪਹੁੰਚਾਉਦਾ ਸੀ । ਉਨ੍ਹਾ ਦੱਸਿਆ ਕਿ ਇੱਕ ਪੇਸ਼ੇਵਰਾਨਾ ਅਤੇ ਤਕਨੀਕੀ ਜਾਂਚ ਉਪਰੰਤ ਐੱਨ ਡੀ ਪੀ ਐੱਸ ਐਕਟ ਦੇ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ। ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸੰਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।
ਅਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਅੰਮਿ੍ਰਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ ਆਈ ਏ ਸਟਾਫ-2 ਦੀਆਂ ਟੀਮਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਸੀ ਕਿ ਦੋ ਭਰਾਵਾਂ ਨੇ ਸਰਹੱਦ ਪਾਰੋਂ ਡਰੋਨ ਦੀ ਵਰਤੋਂ ਕਰਕੇ ਸੁੱਟੀ ਗਈ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਪ੍ਰਾਪਤ ਕੀਤੀ ਹੈ ਅਤੇ ਇਸ ਖੇਪ ਨੂੰ ਆਪਣੀ ਰਿਹਾਇਸ਼ ਗੁਰੂ ਹਰਗੋਬਿੰਦਪੁਰਾ, ਛੇਹਰਟਾ ਵਿਖੇ ਛੁਪਾਇਆ ਹੋਇਆ ਹੈ। ਡੀ ਸੀ ਪੀ ਸਿਟੀ ਅੰਮਿ੍ਰਤਸਰ ਅਭਿਮਨਿਊ ਰਾਣਾ, ਡੀ ਸੀ ਪੀ ਇਨਵੈਸਟੀਗੇਸ਼ਨ ਹਰਪ੍ਰੀਤ ਮੰਡੇਰ ਅਤੇ ਏ ਸੀ ਪੀ ਵੈੱਸਟ ਸ਼ਿਵਦਰਸ਼ਨ ਸਿੰਘ ਦੀ ਅਗਵਾਈ ਹੇਠ ਥਾਣਾ ਛੇਹਰਟਾ ਅੰਮਿ੍ਰਤਸਰ ਦੀਆਂ ਪੁਲਸ ਟੀਮਾਂ ਨੇ ਗੁਰੂ ਹਰਗੋਬਿੰਦਪੁਰਾ, ਛੇਹਰਟਾ ਅੰਮਿ੍ਰਤਸਰ ਵਿੱਚ ਸਥਿਤ ਡੇਰਾ ਰਾਧਾ ਸੁਆਮੀ ਨੇੜੇ ਇੱਕ ਘਰ ਵਿੱਚੋਂ ਦੋਵਾਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ।ਜੇਲ੍ਹ ਵਾਰਡਨ ਦੀ ਮਿਲੀਭੁਗਤ ਸੰਬੰਧੀ ਖੁਲਾਸੇ ਤੋਂ ਬਾਅਦ ਪੁਲਸ ਟੀਮਾਂ ਨੇ ਅੰਮਿ੍ਰਤਸਰ ਦੇ ਫਤਿਹਪੁਰ ਇਲਾਕੇ ਤੋਂ ਗੁਰਮੇਜ ਸਿੰਘ ਨੂੰ ਵੀ ਗਿ੍ਰਫ਼ਤਾਰ ਕਰ ਲਿਆ। ਉਨ੍ਹਾ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੇਲ੍ਹ ਵਾਰਡਨ ਜੇਲ੍ਹ ਅੰਦਰ ਬੈਠੇ ਨਸ਼ਾ ਤਸਕਰ ਵਿਚਕਾਰ ਵਿਚੋਲੇ ਦਾ ਕੰਮ ਕਰ ਰਿਹਾ ਸੀ। ਜੇਲ੍ਹ ਵਿੱਚ ਨਸ਼ਾ ਤਸਕਰਾਂ, ਜਿਨ੍ਹਾਂ ਨੂੰ ਹੈਰੋਇਨ ਸਪਲਾਈ ਕੀਤੀ ਜਾ ਰਹੀ ਸੀ, ਦੀ ਪਛਾਣ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧੀ ਥਾਣਾ ਛੇਹਰਟਾ, ਅੰਮਿ੍ਰਤਸਰ ਵਿਖੇ ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ 21-ਸੀ ਤੇ 29 ਤਹਿਤ ਐੱਫ ਆਈ ਆਰ ਨੰਬਰ 184, ਮਿਤੀ 09/10/2024 ਨੂੰ ਕੇਸ ਦਰਜ ਕੀਤਾ ਗਿਆ ਹੈ।

Related Articles

Latest Articles