ਜਲੰਧਰ : ਇਨਕਲਾਬੀ ਪੰਜਾਬੀ ਰੰਗਮੰਚ ਦੀ ਜਾਣੀ- ਪਛਾਣੀ ਸ਼ਖ਼ਸੀਅਤ, ਅੰਮਿ੍ਰਤਸਰ ਨਾਟਕ ਕਲਾ ਕੇਂਦਰ ਦੀ ਮੋਢੀ ਅਦਾਕਾਰਾ ਅਤੇ ਪੰਜਾਬੀ ਰੰਗਮੰਚ ਦੇ ਵਿਹੜੇ ਦਾ ਕੁੜੀਆਂ ਦੀ ਆਮਦ ਲਈ ਸਪਾਟ ਦੁਆਰ ਖੋਲ੍ਹਣ ਦੀ ਭੂਮਿਕਾ ਅਦਾ ਕਰਨ ਵਾਲ਼ੀ ਸ੍ਰੀਮਤੀ ਕੈਲਾਸ਼ ਕੌਰ ਦੀਆਂ ਅਸਥੀਆਂ ਉਹਨਾ ਦੇ ਵਡੇਰੇ ਪਰਵਾਰ ਵੱਲੋਂ ਸ਼ਨੀਵਾਰ ਹੁਸੈਨੀਵਾਲਾ ਵਿਖੇ ਮਾਣ-ਸਨਮਾਨ ਅਤੇ ਨਾਅਰਿਆਂ ਦੀ ਗੂੰਜ ਨਾਲ਼ ਜਲ ਪ੍ਰਵਾਹ ਕੀਤੀਆਂ ਗਈਆਂ।ਵਡੇਰੇ ਪਰਵਾਰ ਦੇ ਕਾਫ਼ਲੇ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਹੁਸੈਨੀਵਾਲਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ’ਤੇ ਇਕੱਠੇ ਹੋਏ। ਉਹਨਾਂ ਕਾਫ਼ਲਿਆਂ ਨੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਅੱਜ ਅਸੀਂ ਉਹਨਾਂ ਦੀ ਸੋਚ ਦਾ ਚਿਰਾਗ਼ ਰੰਗਮੰਚ ’ਤੇ ਬਲ਼ਦਾ ਰੱਖਣ ਵਾਲ਼ੀ ਸ਼ਖ਼ਸੀਅਤ ਕੈਲਾਸ਼ ਕੌਰ ਨੂੰ ਸਿਜਦਾ ਕਰਦੇ ਹੋਏ ਉਸ ਰੰਗਮੰਚ ਦੀ ਰੌਸ਼ਨੀ ਘਰ-ਘਰ ਲਿਜਾਣ ਦਾ ਅਹਿਦ ਕਰਦੇ ਹਾਂ।
ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੰਗਮੰਚ ਦਾ ਵਿਹੜਾ ਇੱਕ ਵਾਰ ਸੱਖਣਾ ਹੋ ਗਿਆ, ਜਿਸ ਨੂੰ ਭਰਨ ਲਈ ਸਾਨੂੰ ਹੌਸਲੇ ਨਾਲ ਸਫ਼ਰ ਜਾਰੀ ਰੱਖਣ ਦੀ ਲੋੜ ਹੈ।ਸ੍ਰੀਮਤੀ ਕੈਲਾਸ਼ ਕੌਰ ਦੀ ਧੀ ਅਤੇ ਰੰਗਕਰਮੀ ਡਾ. ਅਰੀਤ ਨੇ ਕਿਹਾ ਕਿ ਉਹ ਸਿਰਫ਼ ਸਾਡੀ ਹੀ ਮਾਂ ਨਹੀਂ ਸੀ, ਉਹ ਭਾਈ ਲਾਲੋਆਂ ਦੇ ਪਰਵਾਰ ਦਾ ਜੀਅ ਸੀ, ਜਿਸ ਨੇ ਸਾਡੇ ਸਮਿਆਂ ਦੇ ਮਲਕ ਭਾਗੋਆਂ ਤੋਂ ਭਾਈ ਲਾਲੋਆਂ ਦੀ ਮੁਕਤੀ ਲਈ ਰੰਗਮੰਚ ’ਤੇ ਵਿਸ਼ੇਸ਼ ਕਰਕੇ ਆਵਾਜ਼ ਉਠਾਈ ਅਤੇ ਗੁਰਸ਼ਰਨ ਭਾਅ ਜੀ ਦੇ ਨਾਲ਼ ਜਮਹੂਰੀ ਲਹਿਰ ਵਿੱਚ ਵੀ ਡਟ ਕੇ ਸਾਥ ਦਿੱਤਾ।ਨਾਮਵਰ ਕਵੀ ਗੁਰਤੇਜ ਕੋਹਾਰਵਾਲਾ ਨੇ ਖ਼ੂਬਸੂਰਤ, ਬਾਮੌਕਾ ਅਤੇ ਅਰਥ ਭਰਪੂਰ ਸ਼ੇਅਰਾਂ ਨਾਲ਼ ਸ਼ਿੰਗਾਰੇ ਬੋਲਾਂ ਨਾਲ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹਰ ਮੋੜ ’ਤੇ ਕਲਮ ਅਤੇ ਕਲਾ ਨੇ ਲੋਕ ਸਰੋਕਾਰਾਂ ਦੀ ਬਾਤ ਪਾਈ ਹੈ, ਇਸ ਕਾਫ਼ਲੇ ਵਿਚ ਸ੍ਰੀਮਤੀ ਕੈਲਾਸ਼ ਕੌਰ ਦਾ ਨਾਂਅ ਚੰਨ-ਸੂਰਜ ਵਾਂਗ ਰੌਸ਼ਨੀ ਵੰਡਦਾ ਰਹੇਗਾ।ਪਰਵਾਰ ਦੀ ਤਰਫ਼ੋਂ ਇਸ ਮੌਕੇ ਪਰਵਾਰ ਦੇ ਮੈਂਬਰਾਂ ਦੀ ਹੈਸੀਅਤ ਵਿਚ ਹੀ ਜੁੜੇ ਸਮੂਹ ਸਾਹਿਤ ਕਲਾ, ਲੋਕ-ਪੱਖੀ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਦਾ ਧੰਨਵਾਦ ਕਰਦਿਆਂ ਅਮੋਲਕ ਸਿੰਘ ਨੇ ਕਿਹਾ ਕਿ ਸ੍ਰੀਮਤੀ ਕੈਲਾਸ਼ ਕੌਰ ਅਜਿਹੇ ਰੰਗਮੰਚ ਦੀ ਸਿਰਮੌਰ ਸ਼ਖਸੀਅਤ ਹੈ, ਜਿਸ ਨੇ ਲੋਕ ਲਹਿਰਾਂ ਦੀ ਫਸਲ ਬੀਜਣ ਅਤੇ ਪਾਲਣ ਵਿਚ ਲਾਮਿਸਾਲ ਕੰਮ ਕੀਤਾ ਹੈ। ਉਹਨਾ ਕਿਹਾ ਕਿ ਤਪਦੇ ਮਾਰੂਥਲਾਂ ਦੀ ਸਿਦਕਵਾਨ ਮੁਸਾਫ਼ਿਰ ਨੇ ਧਰਤੀ ਦੀ ਪਿਆਸ ਬੁਝਾਉਣ ਲਈ ਰੰਗਮੰਚ ਦੀ ਬਰਸਾਤ ਕੀਤੀ।ਉਹਨਾ ਕਿਹਾ ਕਿ ਭਵਿੱਖ਼ ਚੁਣੌਤੀਆਂ ਭਰਿਆ ਹੈ, ਇਸ ਸਫ਼ਰ ’ਤੇ ਪਲ-ਪਲ ਉਹਨਾ ਦੀ ਯਾਦ ਆਏਗੀ। ਸਾਡੇ ਕਾਫ਼ਲੇ ਦਾ ਪਰਵਾਰ ਹਮੇਸ਼ਾ ਉਹਨਾ ਦੇ ਵਿਚਾਰਾਂ ਦੀ ਲੋਅ ਵਿੱਚ ਤੁਰਦਾ ਰਹੇਗਾ।
ਇਸ ਉਪਰੰਤ ਹੁਸੈਨੀਵਾਲਾ ਬਾਰਡਰ ’ਤੇ ਸਤਲੁਜ ਦਰਿਆ ਵਿੱਚ ਅਸਥੀਆਂ ਨੂੰ ਆਕਾਸ਼ ਗੂੰਜਾਊ ਨਾਅਰਿਆਂ ਨਾਲ਼ ਜਲ ਪ੍ਰਵਾਹ ਕੀਤਾ ਗਿਆ।ਇਸ ਮੌਕੇ ਡਾ. ਨਵਸ਼ਰਨ, ਡਾ. ਅਤੁਲ, ਪਿ੍ਰਯਾ ਲੀਨ, ਨੀਲਾਕਸ਼ੀ, ਰੋਮਿਲਾ ਸਿੰਘ, ਸਰਦਾਰਾ ਸਿੰਘ ਚੀਮਾ, ਅਨੀਤਾ, ਸੁਭਾਸ਼ ਬਿੱਟੂ ਮਾਨਸਾ, ਸ਼ਬਦੀਸ਼, ਹਰਮੀਤ ਵਿਦਿਆਰਥੀ, ਜੋਰਾ ਸਿੰਘ ਨਸਰਾਲੀ, ਹਰਿੰਦਰ ਬਿੰਦੂ, ਜਸਬੀਰ ਨੱਤ, ਪਾਵੇਲ ਕੁੱਸਾ, ਸੁਖਦਰਸ਼ਨ ਨੱਤ, ਕੁਲਦੀਪ ਕੌਰ ਕੁੱਸਾ, �ਿਸ਼ਨ ਦਿਆਲ ਕੁੱਸਾ, ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਸੁਮੀਤ ਅੰਮਿ੍ਰਤਸਰ ਅਤੇ ਰੰਗਕਰਮੀ ਸਾਜਨ ਕੋਹਿਨੂਰ, ਪ੍ਰੋ. ਕੁਲਦੀਪ, ਸੁਖਜਿੰਦਰ, ਸੁਰਿੰਦਰ ਕੰਬੋਜ, ਡਾ. ਜਗਦੀਪ ਸੰਧੂ ਅਤੇ ਸੁਖਦੇਵ ਭੱਟੀ ਆਦਿ ਸ਼ਖਸੀਅਤਾਂ ਸ਼ਾਮਲ ਸਨ।



