ਭਾਗਵਤ ਵੱਲੋਂ ਹਿੰਦੂ ਏਕਤਾ ਦੀ ਮੁੜ ਦੁਹਾਈ

0
175

ਨਾਗਪੁਰ : ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਕੁਝ ਅਦਿੱਖ ਤਾਕਤਾਂ ਰਾਸ਼ਟਰ ਨੂੰ ਜਾਤਾਂ ਤੇ ਭਾਈਚਾਰਿਆਂ ’ਚ ਵੰਡਣ ਲਈ ਕੰਮ ਕਰ ਰਹੀਆਂ ਹਨ ਤੇ ਕੁਝ ਸਿਆਸੀ ਪਾਰਟੀਆਂ ਆਪਣੇ ਸੌੜੇ ਹਿੱਤਾਂ ਲਈ ਇਨ੍ਹਾਂ ਦੀ ਮਦਦ ਕਰ ਰਹੀਆਂ ਹਨ। ਉਨ੍ਹਾ ਸ਼ਨੀਵਾਰ ਇੱਥੇ ਰੇਸ਼ਮ ਬਾਗ ’ਚ ਦੁਸਹਿਰੇ ’ਤੇ ਸਾਲਾਨਾ ਵਿਜੇਦਸ਼ਮੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੂ ਸਮਾਜ ਜਾਤੀ ਮਤਭੇਦ ਭੁਲਾ ਕੇ ਦਲਿਤਾਂ ਤੇ ਕਮਜ਼ੋਰ ਵਰਗਾਂ ਤੱਕ ਪੁੱਜੇ। ਉਨ੍ਹਾ ਕਿਹਾਸਾਡੀ ਵਿਭਿੰਨਤਾ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਅਸੀਂ ਆਪਣੇ ਸੰਤਾਂ ਤੇ ਦੇਵੀ-ਦੇਵਤਿਆਂ ਨੂੰ ਵੀ ਵੰਡ ਲਿਆ ਹੈ। ਵਾਲਮੀਕ ਜੈਅੰਤੀ ਸਿਰਫ ਵਾਲਮੀਕ ਬਸਤੀ ’ਚ ਹੀ ਕਿਉ ਮਨਾਈ ਜਾਣੀ ਚਾਹੀਦੀ ਹੈ? ਵਾਲਮੀਕ ਨੇ ਰਾਮਾਇਣ ਸਮੁੱਚੇ ਹਿੰਦੂ ਸਮਾਜ ਲਈ ਲਿਖੀ। ਇਸ ਕਰਕੇ ਸਾਰਿਆਂ ਨੂੰ ਵਾਲਮੀਕ ਜੈਅੰਤੀ ਰਵਿਦਾਸ ਜੈਅੰਤੀ ਮਿਲ ਕੇ ਮਨਾਉਣੀ ਚਾਹੀਦੀ ਹੈ। ਸਮੁੱਚੇ ਹਿੰਦੂ ਸਮਾਜ ਨੂੰ ਸਾਰੇ ਤਿਉਹਾਰ ਮਿਲ ਕੇ ਮਨਾਉਣੇ ਚਾਹੀਦੇ ਹਨ। ਅਸੀਂ ਸਮਾਜ ਵਿਚ ਇਹ ਸੁਨੇਹਾ ਪ੍ਰਚਾਰਤ ਕਰਾਂਗੇ।
ਭਾਗਵਤ ਨੇ ਬੰਗਲਾਦੇਸ਼ ਦੀਆਂ ਹਾਲੀਆ ਘਟਨਾਵਾਂ ਨੂੰ ਹਿੰਦੂਆਂ ਲਈ ਸਬਕ ਦੱਸਦਿਆਂ ਹਿੰਦੂਆਂ ਵਿਚਾਲੇ ਏਕਤਾ ’ਤੇ ਜ਼ੋਰ ਦਿੱਤਾ। ਉਨ੍ਹਾ ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਹਿੰਸਾ ਦੀ ਨਿੰਦਾ ਕਰਦਿਆਂ ਭਾਰਤ ਸਰਕਾਰ ’ਤੇ ਜ਼ੋਰ ਦਿੱਤਾ ਕਿ ਉਹ ਉੱਥੇ ਘੱਟਗਿਣਤੀਆਂ ਦੀ ਰਾਖੀ ਲਈ ਵਧੇਰੇ ਸਰਗਰਮੀ ਦਿਖਾਏ।
ਭਾਗਵਤ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਵਿਚ ਇਹ ਧਾਰਨਾ ਫੈਲਾਈ ਜਾ ਰਹੀ ਹੈ ਕਿ ਭਾਰਤ ਇਕ ਖਤਰਾ ਹੈ ਤੇ ਉਨ੍ਹਾਂ ਨੂੰ ਬਚਾਅ ਲਈ ਪਾਕਿਸਤਾਨ ਨਾਲ ਹੱਥ ਮਿਲਾਉਣਾ ਚਾਹੀਦਾ ਹੈ।
ਭਾਰਤ ਸਮੇਤ ਸਾਰੇ ਸੰਸਾਰ ਵਿਚ ਹਿੰਦੂ ਸਮਾਜ ਦੀ ਏਕਤਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਕਮਜ਼ੋਰੀ ਗੁਨਾਹ ਹੈ। ਕਮਜ਼ੋਰ ਦੀ ਤਾਂ ਭਗਵਾਨ ਵੀ ਪ੍ਰਵਾਹ ਨਹੀਂ ਕਰਦਾ। ਵਿਅਕਤੀਗਤ ਅਤੇ ਕੌਮੀ ਚਰਿੱਤਰ ਦੀ ਮਜ਼ਬੂਤੀ ‘ਧਰਮ ਦੀ ਜਿੱਤ’ ਦਾ ਆਧਾਰ ਬਣਦੀ ਹੈ। ਭਾਗਵਤ ਨੇ ਕਿਹਾ ਕਿ ਭਾਰਤ ਵਿਚ ਆਸਾਂ-ਉਮੀਦਾਂ ਦੇ ਨਾਲ ਚੁਣੌਤੀਆਂ ਤੇ ਸਮੱਸਿਆਵਾਂ ਵੀ ਹਨ। ਉਨ੍ਹਾ ਕਿਹਾਸਾਨੂੰ ਅਹਿੱਲਿਆ ਬਾਈ ਹੋਲਕਰ, ਦਯਾਨੰਦ ਸਰਸਵਤੀ, ਬਿਰਸਾ ਮੁੰਡਾ ਅਤੇ ਅਜਿਹੀਆਂ ਹੋਰ ਮਹਾਨ ਹਸਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਦੀ ਭਲਾਈ, ਧਰਮ, ਸੱਭਿਆਚਾਰ ਅਤੇ ਸਮਾਜ ਲਈ ਸਮਰਪਤ ਕਰ ਦਿੱਤਾ।