35.2 C
Jalandhar
Friday, October 18, 2024
spot_img

ਐੱਕਸਪ੍ਰੈੱਸ ਖੜ੍ਹੀ ਮਾਲ ਗੱਡੀ ’ਚ ਵੱਜ ਕੇ ਖਿੱਲਰ ਗਈ, 19 ਜ਼ਖਮੀ

ਨਵੀਂ ਦਿੱਲੀ : ਮੈਸੂਰ-ਦਰਭੰਗਾ ਬਾਗਮਤੀ ਐੱਕਸਪ੍ਰੈੱਸ ਸ਼ੁੱਕਰਵਾਰ ਰਾਤ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਕਰੀਬ 40 ਕਿੱਲੋਮੀਟਰ ਦੂਰ ਤਿਰੁਵਲੂਰ ਜ਼ਿਲ੍ਹੇ ’ਚ ਖੜ੍ਹੀ ਮਾਲ ਗੱਡੀ ’ਚ ਵੱਜਣ ਕਾਰਨ 12 ਕੋਚ ਲੀਹੋਂ ਲੱਥਣ ਨਾਲ 19 ਵਿਅਕਤੀ ਜ਼ਖਮੀ ਹੋ ਗਏ। 75 ਕਿੱਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ਨਾਲ ਜਾ ਰਹੀ ਐੱਕਸਪ੍ਰੈੱਸ ’ਚ 1300 ਤੋਂ ਵੱਧ ਮੁਸਾਫਰ ਸਵਾਰ ਸਨ। ਗੱਡੀ ਦੀ ਪਾਵਰ ਕਾਰ ਨੂੰ ਅੱਗ ਲੱਗ ਗਈ।
ਦੱਖਣੀ ਰੇਲਵੇ ਦੇ ਜਨਰਲ ਮੈਨੇਜਰ ਆਰ ਐੱਨ ਸਿੰਘ ਨੇ ਦੱਸਿਆ ਕਿ ਸਿਗਨਲ ਤੇ ਰੂਟ ਵਿਚਾਲੇ ਮਿਸ ਮੈਚ ਕਾਰਨ ਹਾਦਸਾ ਵਾਪਰਿਆ। ਐੱਕਸਪ੍ਰੈੱਸ ਨੂੰ ਮੇਨ ਲਾਈਨ ’ਤੇ ਪਾਉਣਾ ਸੀ, ਪਰ ਕੁਝ ਗਲਤੀ ਹੋ ਗਈ। ਉਹ ਉਸ ਲਾਈਨ ’ਤੇ ਪੈ ਗਈ, ਜਿੱਥੇ ਮਾਲ ਗੱਡੀ ਖੜ੍ਹੀ ਸੀ। ਸਿਗਨਲ ਮੇਨ ਲਾਈਨ ਦਾ ਹੀ ਸੀ, ਪਰ ਗੱਡੀ ਲੂਪ ਲਾਈਨ ’ਤੇ ਮੁੜ ਗਈ। ਐੱਕਸਪ੍ਰੈੱਸ ਆਂਧਰਾ ਦੇ ਗੁਡੂਰ ਵੱਲ ਜਾ ਰਹੀ ਸੀ। ਉਹ ਤਿਰੁਵਲੂਰ ਦੇ ਕਵਾਰਈਪੇਟੈ ਸਟੇਸ਼ਨ ’ਤੇ ਰੁਕੀ, ਜਿੱਥੇ ਲੂਪ ਲਾਈਨ ’ਤੇ ਮਾਲ ਗੱਡੀ ਖੜ੍ਹੀ ਸੀ। ਉਸ ਨੇ ਵੀ ਗੁਡੂਰ ਵੱਲ ਜਾਣਾ ਸੀ। ਐੱਕਸਪ੍ਰੈੱਸ ਨੂੰ ਤਰਜੀਹ ਦਿੱਤੀ ਗਈ ਤੇ ਉਸ ਨੇ ਮੇਨ ਲਾਈਨ ਤੋਂ ਲੰਘਣਾ ਸੀ, ਪਰ ਮੇਨ ਲਾਈਨ ਦੀ ਸਿਗਨਲ ਕਲੀਅਰੈਂਸ ਦੇ ਬਾਵਜੂਦ ਉਹ ਲੂਪ ਲਾਈਨ ਵੱਲ ਵਧ ਗਈ ਤੇ ਮਾਲ ਗੱਡੀ ਦੇ ਪਿੱਛੇ ਜਾ ਵੱਜੀ।
ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਹ ਹਾਦਸਾ ਓਡੀਸ਼ਾ ਦੇ ਬਾਲਾਸੋਰ ਹਾਦਸੇ ਦੀ ਯਾਦ ਦਿਵਾਉਦਾ ਹੈ, ਜਿੱਥੇ ਇਕ ਯਾਤਰੀ ਗੱਡੀ ਮਾਲ ਗੱਡੀ ਨਾਲ ਟਕਰਾਅ ਗਈ ਸੀ। ਅਜਿਹੇ ਕਈ ਹਾਦਸਿਆਂ ਵਿਚ ਲੋਕ ਜਾਨਾਂ ਗੁਆ ਚੁੱਕੇ ਹਨ, ਪਰ ਸਰਕਾਰ ਨੇ ਸਬਕ ਨਹੀਂ ਸਿੱਖਿਆ। ਇਸ ਦੀ ਜਵਾਬਦੇਹੀ ਸਿਖਰਲਿਆਂ ਨੂੰ ਲੈਣੀ ਚਾਹੀਦੀ ਹੈ। ਇਸ ਸਰਕਾਰ ਦੇ ਜਾਗਣ ਤੋਂ ਪਹਿਲਾਂ ਕਿੰਨੇ ਹੋਰ ਪਰਵਾਰ ਬਰਬਾਦ ਹੋਣਗੇ।
ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਟਰੇਨ ਹਾਦਸੇ ਆਮ ਹੋ ਗਏ ਹਨ। ਸਰਕਾਰ ਵੱਲੋਂ ਨਾ ਤਾਂ ਜਵਾਬਦੇਹੀ ਤੈਅ ਕੀਤੀ ਜਾ ਰਹੀ ਹੈ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ।

Related Articles

Latest Articles