ਨਵੀਂ ਦਿੱਲੀ : ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪੱਛਮੀ ਬੰਗਾਲ ’ਚ ਡਾਕਟਰਾਂ ਦੇ ਸੰਘਰਸ਼ ਦੀ ਹਮਾਇਤ ਵਜੋਂ 15 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਦੇਸ਼ਵਿਆਪੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਤੇ ਹਸਪਤਾਲ ਵਿਚ ਟਰੇਨੀ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ਵਿਚ ਸੂਬੇ ਦੇ ਡਾਕਟਰ ਸੰਘਰਸ਼ ਕਰ ਰਹੇ ਹਨ। ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ ਦਾ ਐਤਵਾਰ ਨੌਵਾਂ ਦਿਨ ਸੀ। ਹੁਣ ਤੱਕ ਤਿੰਨ ਡਾਕਟਰਾਂ ਨੂੰ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਟਰੰਪ ਈਰਾਨ ਤੋਂ ਡਰਿਆ
ਨਿਊਯਾਰਕ : ਈਰਾਨ ਤੋਂ ਮਿਲ ਰਹੀਆਂ ਧਮਕੀਆਂ ਤੋਂ ਫਿਕਰਮੰਦ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਚਾਰ ਟੀਮ ਨੇ ਉਨ੍ਹਾ ਦੀ ਸੁਰੱਖਿਆ ’ਚ ਧਰਤੀ ਤੋਂ ਹਵਾ ’ਚ ਮਿਜ਼ਾਈਲਾਂ ਫੁੰਡਣ ਦੀ ਸਮਰੱਥਾ ਵਾਲਾ ਜੰਗੀ ਜਹਾਜ਼ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਟੀਮ ਨੇ ਕਿਹਾ ਹੈ ਕਿ ਕਾਫਲੇ ’ਚ ਬਖਤਰਬੰਦ ਵਾਹਨ ਵੀ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾ ਦੀਆਂ ਰੈਲੀਆਂ ਅਤੇ ਰਿਹਾਇਸ਼ਾਂ ’ਤੇ ਉਡਾਣਾਂ ਉਪਰ ਪਾਬੰਦੀ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ। ਟਰੰਪ ਅਤੇ ਉਸ ਦੇ ਅਮਲੇ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਸੁਰੱਖਿਆ ਦਾ ਹਵਾਲਾ ਦੇ ਕੇ ਉਨ੍ਹਾ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ। ਟਰੰਪ ’ਤੇ ਜਾਨਲੇਵਾ ਹਮਲਾ ਹੋਇਆ ਸੀ ਅਤੇ ਉਹ ਵਾਲ-ਵਾਲ ਬਚ ਗਏ ਸਨ, ਜਦਕਿ ਦੂਜੇ ਹਮਲੇ ਨੂੰ ਅਮਰੀਕੀ ਖੁਫੀਆ ਸੇਵਾ ਦੇ ਏਜੰਟਾਂ ਨੇ ਨਾਕਾਮ ਬਣਾ ਦਿੱਤਾ ਸੀ।
ਗੁਹਾਟੀ ’ਚ ਭੁਚਾਲ
ਗੁਹਾਟੀ : ਇੱਥੇ ਐਤਵਾਰ ਸਵੇਰ 7.47 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 4.2 ਮਾਪੀ ਗਈ। ਝਟਕੇ ਪੱਛਮੀ ਅਰੁਣਾਚਲ ਪ੍ਰਦੇਸ਼ ਤੇ ਭੂਟਾਨ ਵਿਚ ਵੀ ਮਹਿਸੂਸ ਕੀਤੇ ਗਏ।
ਰੂਸ ਦਾ ਵੱਡਾ ਹਮਲਾ
ਕੀਵ : ਯੂਕਰੇਨ ਹਵਾਈ ਫੌਜ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਉਸ ਦੇ ਯੂਕਰੇਨ ਖੇਤਰ ਵਿਚ ਸ਼ਨੀਵਾਰ ਦੇਰ ਰਾਤ 68 ਡਰੋਨ ਤੇ ਚਾਰ ਮਿਜ਼ਾਈਲਾਂ ਦਾਗੀਆਂ। ਇਹ ਮਿਜ਼ਾਈਲਾਂ ਪੋਲਟਾਵਾ, ਉਡੇਸਾ, ਚਿਰਨੀਹੀਵ ਤੇ ਸੂਮੀ ਖੇਤਰ ਵੱਲ ਦਾਗੀਆਂ ਗਈਆਂ। ਯੂਕਰੇਨ ਹਵਾਈ ਫੌਜ ਨੇ ਦੱਸਿਆ ਕਿ ਉਸ ਦੀ ਟੀਮ ਨੇ 31 ਡਰੋਨਾਂ ਨੂੰ ਤਾਂ ਤਬਾਹ ਕਰ ਦਿੱਤਾ ਤੇ ਬਾਕੀ ਰਹਿੰਦੇ ਡਰੋਨਾਂ ਨੂੰ ਤਬਾਹ ਕਰਨ ਲਈ ਕਾਰਵਾਈ ਜਾਰੀ ਹੈ।
ਸੜਕ ਹਾਦਸੇ ’ਚ ਦੋ ਵਿਦੇਸ਼ੀ ਕੁੜੀਆਂ ਸਣੇ ਤਿੰਨ ਜਣਿਆਂ ਦੀ ਮੌਤ
ਬਾਗਪਤ : ਯੂ ਪੀ ਦੇ ਇਟਾਵਾ ਜ਼ਿਲ੍ਹੇ ’ਚ ਆਗਰਾ-ਲਖਨਊ ਐਕਸਪ੍ਰੈੱਸ ਵੇਅ ’ਤੇ ਟਰੱਕ ਨਾਲ ਟਕਰਾਉਣ ਕਾਰਨ ਕਾਰ ’ਚ ਸਫਰ ਕਰ ਰਹੀਆਂ ਦੋ ਵਿਦੇਸ਼ੀ ਕੁੜੀਆਂ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਲਖਨਊ ਤੋਂ ਦਿੱਲੀ ਆ ਰਹੀ ਕਾਰ ਅੱਗੇ ਜਾ ਰਹੇ ਟਰੱਕ ਨਾਲ ਟਕਰਾਈ। ਅਫਗਾਨਿਸਤਾਨ ਦੀ 30 ਸਾਲਾ ਨਾਜ਼, ਉਸ ਦੀ ਰੂਸੀ ਦੋਸਤ 20 ਸਾਲਾ ਕੈਥਰੀਨ ਅਤੇ ਕਾਰ ਚਾਲਕ ਸੰਜੀਵ (40) ਵਾਸੀ ਤੁਗਲਕਾਬਾਦ ਐਕਸਟੈਂਸ਼ਨ, ਦਿੱਲੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨਾਜ਼ ਦੀ ਭੈਣ ਆਤਿਫਾ (25), ਕਿ੍ਰਸਟੀਨ (20) ਅਤੇ ਰਾਹੁਲ (38) ਵਾਸੀ ਅੰਬੇਡਕਰ ਨਗਰ, ਦਿੱਲੀ ਗੰਭੀਰ ਜ਼ਖਮੀ ਹੋ ਗਏ।


