ਨਵੀਂ ਦਿੱਲੀ : ਵਿਦੇਸ਼ ਮੰਤਰਾਲਾ ਨੇ ਵੀਰਵਾਰ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਆਪਣੇ ਦੇਸ਼ ਦੇ ਜਾਂਚ ਕਮਿਸ਼ਨ ਸਾਹਮਣੇ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦੇ ਖਿਲਾਫ ਠੋਸ ਸਬੂਤਾਂ ਦੀ ਅਣਹੋਂਦ ਦੀ ਗੱਲ ਨੂੰ ਸਵੀਕਾਰਨਾ, ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕੈਨੇਡਾ ਨੇ ਭਾਰਤ ਅਤੇ ਭਾਰਤੀ ਡਿਪਲੋਮੈਟਾਂ ਵਿਰੁੱਧ ਲਾਏ ਗਏ ਗੰਭੀਰ ਦੋਸ਼ਾਂ ਸੰਬੰਧੀ ਸਾਨੂੰ ਕੋਈ ਠੋਸ ਸਬੂਤ ਨਹੀਂ ਦਿੱਤੇ। ਟਰੂਡੋ ਨੇ ਬੁੱਧਵਾਰ ਜਾਂਚ ਕਮਿਸ਼ਨ ਦੇ ਸਾਹਮਣੇ ਇਹ ਮੰਨਿਆ ਸੀ ਕਿ ਪਿਛਲੇ ਸਾਲ ਜਦੋਂ ਉਨ੍ਹਾ ਖਾਲਿਸਤਾਨੀ ਵੱਖਵਾਦੀ ਨਿੱਝਰ ਦੀ ਹੱਤਿਆ ਵਿਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ, ਉਸ ਸਮੇਂ ਉਨ੍ਹਾ ਕੋਲ ਸਿਰਫ ਖੁਫੀਆ ਜਾਣਕਾਰੀ ਸੀ ਅਤੇ ਕੋਈ ਠੋਸ ਸਬੂਤ ਨਹੀਂ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਕ ਬਿਆਨ ਵਿਚ ਕਿਹਾ ਕਿ ਅੱਜ ਜੋ ਅਸੀਂ ਸੁਣਿਆ ਹੈ, ਉਸ ਨਾਲ ਸਾਡੀ ਉਸੇ ਗੱਲ ਦੀ ਪੁਸ਼ਟੀ ਹੁੰਦੀ, ਜੋ ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਕੈਨੇਡਾ ਨੇ ਜੋ ਭਾਰਤੀ ਡਿਪਲੋਮੈਟਾਂ ’ਤੇ ਦੋਸ਼ ਲਾਏ ਹਨ, ਉਨ੍ਹਾਂ ਦੋਸ਼ਾਂ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।
ਮੰਤਰਾਲੇ ਨੇ ਕਿਹਾ ਕਿ ਇਸ ਲਾਪ੍ਰਵਾਹ ਵਿਹਾਰ ਨਾਲ ਭਾਰਤ-ਕੈਨੇਡਾ ਦੇ ਸੰਬੰਧਾਂ ਨੂੰ ਜੋ ਨੁਕਸਾਨ ਪੁੱਜਿਆ ਹੈ, ਉਸ ਦੀ ਜ਼ਿੰਮੇਵਾਰੀ ਇਕੱਲੇ ਪ੍ਰਧਾਨ ਮੰਤਰੀ ਟਰੂਡੋ ਦੀ ਹੋਵੇਗੀ।