ਬੇਂਗਲੁਰੂ : ਇੱਥੇ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਵੀਰਵਾਰ ਵਿਲੀਅਮ ਓ ਰਾਊਰਕੀ ਦੀ ਅਗਵਾਈ ’ਚ ਨਿਊ ਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਸਿਰਫ 46 ਦੌੜਾਂ ’ਤੇ ਭਾਰਤ ਦੀ ਟੀਮ ਨੂੰ ਆਊਟ ਕਰ ਦਿੱਤਾ। ਇਹ ਭਾਰਤੀ ਟੀਮ ਦਾ ਆਪਣੇ ਘਰੇਲੂ ਮੈਦਾਨ ’ਤੇ ਸਭ ਤੋਂ ਘੱਟ ਸਕੋਰ ਹੈ। ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 13 ਦੌੜਾਂ, ਰੋਹਿਤ ਸ਼ਰਮਾ ਨੇ ਸਿਰਫ ਦੋ ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ ਤੇ ਸਰਫਰਾਜ਼ ਸਿਫਰ ’ਤੇ ਆਊਟ ਹੋ ਗਏ। ਰਿਸ਼ਭ ਪੰਤ ਨੇ 20 ਦੌੜਾਂ ਬਣਾਈਆਂ। ਕੇ ਐੱਲ ਰਾਹੁਲ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ ਸਿਫਰ ’ਤੇ ਆਊਟ ਹੋ ਗਏ। ਕੁਲਦੀਪ ਯਾਦਵ ਨੇ ਦੋ, ਜਸਪ੍ਰੀਤ ਬੁਮਰਾਹ ਨੇ ਇਕ ਅਤੇ ਮੁਹੰਮਦ ਸਿਰਾਜ ਨੇ ਚਾਰ ਦੌੜਾਂ ਬਣਾਈਆਂ। ਨਿਊ ਜ਼ੀਲੈਂਡ ਨੇ ਤਿੰਨ ਵਿਕਟਾਂ ’ਤੇ 180 ਦੌੜਾਂ ਬਣਾ ਕੇ 134 ਦੀ ਲੀਡ ਲੈ ਲਈ ਸੀ। ਤਿੰਨ ਟੈਸਟਾਂ ਦੀ ਸੀਰੀਜ਼ ਦਾ ਪਹਿਲਾ ਦਿਨ ਬੁੱਧਵਾਰ ਮੀਂਹ ਦੇ ਲੇਖੇ ਲੱਗ ਗਿਆ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੈੱਸਟ ਇੰਡੀਜ਼ ਨੇ 1987 ਦੇ ਦਿੱਲੀ ਟੈਸਟ ’ਚ 75 ਦੌੜਾਂ ’ਤੇ ਆਊਟ ਕੀਤਾ ਸੀ। ਉਜ ਵਿਦੇਸ਼ੀ ਦੌਰਿਆਂ ਦੌਰਾਨ ਭਾਰਤੀ ਟੀਮ ਇਸ ਤੋਂ ਵੀ ਘੱਟ ਦੌੜਾਂ ’ਤੇ ਆਊਟ ਹੁੰਦੀ ਰਹੀ ਹੈ। ਆਸਟ੍ਰੇਲੀਆ ਨੇ 2020 ਦੇ ਐਡੀਲੇਡ ਟੈਸਟ ’ਚ 36 ਦੌੜਾਂ ਤੇ ਇੰਗਲੈਂਡ ਨੇ 1974 ’ਚ ਲਾਰਡਜ਼ ਟੈਸਟ ’ਚ 42 ਦੌੜਾਂ ’ਤੇ ਆਊਟ ਕੀਤਾ ਸੀ।