ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਰਸਮੀ ਤੌਰ ’ਤੇ ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਜਸਟਿਸ ਸੰਜੀਵ ਖੰਨਾ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਪ੍ਰਸਤਾਵਤ ਕੀਤਾ ਹੈ। ਕੇਂਦਰ ਸਰਕਾਰ ਨੂੰ ਭੇਜੇ ਪੱਤਰ ’ਚ ਚੀਫ ਜਸਟਿਸ ਚੰਦਰਚੂੜ ਨੇ ਕਿਹਾ ਕਿ ਕਿਉਂਕਿ ਉਹ 10 ਨਵੰਬਰ ਨੂੰ ਅਹੁਦਾ ਛੱਡ ਰਹੇ ਹਨ, ਜਸਟਿਸ ਖੰਨਾ ਉਨ੍ਹਾ ਦੇ ਉੱਤਰਾਧਿਕਾਰੀ ਹੋਣਗੇ। ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਸਟਿਸ ਖੰਨਾ ਭਾਰਤ ਦੇ 51ਵੇਂ ਚੀਫ ਜਸਟਿਸ ਬਣ ਜਾਣਗੇ। ਚੀਫ ਜਸਟਿਸ ਰਿਟਾਇਰ ਹੋਣ ਤੋਂ ਪਹਿਲਾਂ ਦੂਜੇ ਸਭ ਤੋਂ ਸੀਨੀਅਰ ਜੱਜ ਨੂੰ ਉੱਤਰਾਧਿਕਾਰੀ ਨਾਮਜ਼ਦ ਕਰਦੇ ਹਨ। ਜਸਟਿਸ ਚੰਦਰਚੂੜ ਨੇ 9 ਨਵੰਬਰ 2022 ਨੂੰ ਚੀਫ ਜਸਟਿਸ ਵਜੋਂ ਅਹੁਦਾ ਸੰਭਾਲਿਆ ਸੀ। ਚੀਫ ਜਸਟਿਸ ਉਨ੍ਹਾਂ ਬੈਂਚਾਂ ਦਾ ਹਿੱਸਾ ਰਹੇ ਹਨ, ਜਿਨ੍ਹਾਂ ਚੋਣ ਬਾਂਡ ਸਕੀਮ, ਰਾਮ ਜਨਮ ਭੂਮੀ, ਸਬਰੀਮਾਲਾ ਕੇਸ, ਸਮਲਿੰਗੀ ਵਿਆਹ ਕੇਸ ਅਤੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਵਰਗੇ ਇਤਿਹਾਸਕ ਫੈਸਲੇ ਦਿੱਤੇ ਸਨ।