ਚੇਨਈ : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਕਿਹਾ ਹੈ ਕਿ ਜੇ ਰਾਜਪਾਲ ਆਰ ਐੱਨ ਰਵੀ ਅਹੁਦੇ ’ਤੇ ਕਾਇਮ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾ ਨੂੰ ਖੁਦ ਨੂੰ ਵੰਡ ਪਾਉਣ ਵਾਲੀਆਂ ਤਾਕਤਾਂ ਤੋਂ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਸੰਵਿਧਾਨਕ ਮਾਪਦੰਡਾਂ ਮੁਤਾਬਕ ਆਪਣੇ ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਟਾਲਿਨ ਨੇ ਰਾਜਪਾਲ ’ਤੇ ਦ੍ਰਾਵਿੜ ਜਾਤੀ ਦਾ ਅਕਸ ਖਰਾਬ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਰਾਜ ਭਵਨ ਨੂੰ ਕਿਸੇ ਸਿਆਸੀ ਪਾਰਟੀ ਦੇ ਦਫਤਰ ਦੇ ਰੂਪ ’ਚ ਤਬਦੀਲ ਕਰਨ ਤੋਂ ਬਚਾਇਆ ਜਾਣਾ ਚਾਹੀਦਾ ਹੈ। ਸ਼ੁੱਕਰਵਾਰ ਰਾਜਪਾਲ ਦੀ ਮੌਜੂਦਗੀ ’ਚ ਹੋਏ ਇਕ ਪ੍ਰੋਗਰਾਮ ’ਚ ਤਾਮਿਲਨਾਡੂ ਦੇ ਰਾਜ ਗਾਣ ਦੀ ਇਕ ਲਾਈਨ ਛੱਡਣ ਨੂੰ ਲੈ ਕੇ ਰਵੀ ਤੇ ਸਟਾਲਿਨ ਵਿਚਾਲੇ ਤਿੱਖੀ ਬਹਿਸ ਹੋਈ ਸੀ। ਮੁੱਖ ਮੰਤਰੀ ਨੇ ਇਸ ’ਤੇ ਇਤਰਾਜ਼ ਦਾਇਰ ਕਰਦੇ ਹੋਏ ਪੁੱਛਿਆ ਕਿ ਜਦੋਂ ਰਾਜਪਾਲ ਦੇ ਸਾਹਮਣੇ ਤਾਮਿਲ ਗਾਣ ਦੀ ਇਕ ਲਾਈਨ ਛੱਡੀ ਗਈ ਤਾਂ ਉਨ੍ਹਾ ਤੁਰੰਤ ਇਸ ਦੀ ਆਲੋਚਨਾ ਕਿਉਂ ਨਹੀਂ ਕੀਤੀ। ਮੁੱਖ ਮੰਤਰੀ ਨੇ ਰਾਜਪਾਲ ਤੋਂ ਪੁੱਛਿਆਤੁਸੀਂ ਕਹਿੰਦੇ ਹੋ ਕਿ ਤੁਸੀਂ ‘ਤਾਮਿਲ ਥਾਈ ਵਲਥੂ’ ਨੂੰ ਪੂਰੀ ਸ਼ਰਧਾ ਨਾਲ ਗਾਉਂਦੇ ਹੋ, ਪਰ ਜਦੋਂ ਗਾਇਕਾਂ ਨੇ ਦ੍ਰਾਵਿੜ ਨਾਲ ਸੰਬੰਧਤ ਇਕ ਲਾਈਨ ਛੱਡ ਦਿੱਤੀ ਤਾਂ ਤੁਸੀਂ ਤੁਰੰਤ ਇਸ ਦੀ ਆਲੋਚਨਾ ਕਿਉਂ ਨਹੀਂ ਕੀਤੀ?