ਮੁੰਬਈ : ਐੱਨ ਸੀ ਪੀ ਨੇਤਾ ਬਾਬਾ ਸਿੱਦੀਕੀ ਕਤਲ ਮਾਮਲੇ ਵਿਚ ਮੁੰਬਈ ਪੁਲਸ ਨੇ ਸਨਿੱਚਰਵਾਰ ਦੱਸਿਆ ਕਿ ਉਸ ਦੇ ਪੁੱਤਰ ਜੀਸ਼ਾਨ ਸਿੱਦੀਕੀ ਦੀ ਫੋਟੋ ਇੱਕ ਮੁਲਜ਼ਮ ਦੇ ਫੋਨ ਵਿੱਚੋਂ ਮਿਲੀ ਹੈ। ਇਹ ਤਸਵੀਰ ਮੁਲਜ਼ਮਾਂ ਨਾਲ ਉਨ੍ਹਾਂ ਦੇ ਹੈਂਡਲਰ ਨੇ ਸਨੈਪਚੈਟ ਰਾਹੀਂ ਸਾਂਝੀ ਕੀਤੀ ਸੀ। ਪੁਲਸ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੂਟਰਾਂ ਅਤੇ ਸਾਜ਼ਿਸ਼ਕਰਤਾਵਾਂ ਨੇ ਸਨੈਪਚੈਟ ਦੀ ਵਰਤੋਂ ਜਾਣਕਾਰੀ ਸਾਂਝੀ ਕਰਨ ਲਈ ਕੀਤੀ। ਮੁੰਬਈ ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ਗਿ੍ਰਫਤਾਰ ਮੁਲਜ਼ਮ ਰਾਮ ਕਨੌਜੀਆ ਨੇ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਪਹਿਲਾ ਵਿਅਕਤੀ ਸੀ, ਜਿਸ ਨੂੰ ਐੱਨ ਸੀ ਪੀ ਨੇਤਾ ਦੀ ਹੱਤਿਆ ਦੀ ਸੁਪਾਰੀ ਦਿੱਤੀ ਗਈ ਸੀ ਅਤੇ ਉਸ ਨੇ ਪਹਿਲਾਂ ਇਕ ਕਰੋੜ ਰੁਪਏ ਦੀ ਮੰਗ ਕੀਤੀ ਸੀ। ਉਸ ਦੇ ਬਿਆਨ ਅਨੁਸਾਰ ਭਗੌੜੇ ਮੁਲਜ਼ਮ ਸ਼ੁਭਮ ਲੋਨਕਰ ਨੇ ਪਹਿਲਾਂ ਬਾਬਾ ਸਿੱਦੀਕੀ ਨੂੰ ਮਾਰਨ ਦੀ ਸੁਪਾਰੀ ਰਾਮ ਕਨੌਜੀਆ ਨੂੰ ਦਿੱਤੀ ਸੀ। ਕਨੌਜੀਆ ਨੇ ਇਸ ਕਤਲ ਨੂੰ ਅੰਜਾਮ ਦੇਣ ਲਈ ਇੱਕ ਕਰੋੜ ਰੁਪਏ ਦੀ ਫੀਸ ਮੰਗੀ ਸੀ। ਕਨੌਜੀਆ ਨੇ ਖੁਲਾਸਾ ਕੀਤਾ ਕਿ ਸ਼ੁਭਮ ਲੋਨਕਰ ਨੇ ਬਾਬਾ ਸਿੱਦੀਕੀ ਨੂੰ ਮਾਰਨ ਲਈ ਪਹਿਲਾਂ ਉਸ ਨੂੰ ਅਤੇ ਨਿਤਿਨ ਸਪਰੇ ਨੂੰ ਇਕਰਾਰਨਾਮੇ ਦੀ ਪੇਸ਼ਕਸ਼ ਕੀਤੀ ਸੀ। ਕਨੌਜੀਆ ਬਾਬਾ ਸਿੱਦੀਕੀ ਦੀ ਹੱਤਿਆ ਦੇ ਨਤੀਜਿਆਂ ਨੂੰ ਜਾਣਦਾ ਸੀ, ਜਿਸ ਕਾਰਨ ਉਹ ਇਕਰਾਰਨਾਮਾ ਕਰਨ ਲਈ ਝਿਜਕ ਰਿਹਾ ਸੀ। ਇਸ ਤੋਂ ਬਾਅਦ ਸ਼ੁਭਮ ਲੋਨਕਰ ਨੇ ਯੂ ਪੀ ਤੋਂ ਸ਼ੂਟਰਾਂ ਨੂੰ ਚੁਣਿਆ।
ਕਨੌਜੀਆ ਨੇ ਖੁਲਾਸਾ ਕੀਤਾ ਕਿ ਸ਼ੁਭਮ ਲੋਨਕਰ ਨੂੰ ਪਤਾ ਸੀ ਕਿ ਯੂ ਪੀ ਦੇ ਲੋਕ ਮਹਾਰਾਸ਼ਟਰ ’ਚ ਬਾਬਾ ਸਿੱਦੀਕੀ ਦੇ ਕੱਦ ਜਾਂ ਵੱਕਾਰ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਇਸ ਲਈ ਉਹ ਘੱਟ ਕੀਮਤ ’ਤੇ ਕਤਲ ਨੂੰ ਅੰਜਾਮ ਦੇਣ ਲਈ ਸਹਿਮਤ ਹੋਣਗੇ। ਜਦੋਂ ਰਾਮ ਕਨੌਜੀਆ ਅਤੇ ਨਿਤਿਨ ਸਪਰੇ ਪਿੱਛੇ ਹਟੇ ਤਾਂ ਸ਼ੁਭਮ ਨੇ ਯੂ ਪੀ ਤੋਂ ਧਰਮ ਰਾਜ ਕਸ਼ਯਪ, ਗੁਰਨੈਲ ਸਿੰਘ ਅਤੇ ਸ਼ਿਵ ਕੁਮਾਰ ਗੌਤਮ ਨੂੰ ਇਸ ਕੰਮ ਲਈ ਹਾਇਰ ਕੀਤਾ। ਖਬਰ ਹੈ ਕਿ ਧਮਕੀਆਂ ਤੋਂ ਬਾਅਦ ਬਾਬਾ ਸਿੱਦੀਕੀ ਦੇ ਮਿੱਤਰ ਸਲਮਾਨ ਖਾਨ ਨੇ ਦੁਬਈ ਤੋਂ ਨਿਸ਼ਾਨ ਐੱਸ ਯੂ ਵੀ ਮੰਗਵਾਈ ਹੈ, ਜਿਸ ਦੀ ਕੀਮਤ ਦੋ ਕਰੋੜ ਦੱਸੀ ਜਾਂਦੀ ਹੈ। ਕਾਰ ਵਿਚ ਮੋਟੇ ਬੁਲੇਟ ਪਰੂਫ ਗਲਾਸ, ਬੰਬ ਅਲਰਟ ਸੈਂਸਰ ਅਤੇ ਡਰਾਈਵਰ ਤੇ ਸਵਾਰੀਆਂ ਨੂੰ ਲੁਕੋਣ ਲਈ ਡਾਰਕ ਸ਼ੇਡਸ ਲੱਗੇ ਹਨ।