ਸ੍ਰੀਨਗਰ : ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ’ਚ ਐਤਵਾਰ ਨਿਹੱਥੇ ਨਾਗਰਿਕਾਂ ਉੱਤੇ ਦਹਿਸ਼ਤੀ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਆਧਾਰਤ ਦਹਿਸ਼ਤਗਰਦ ਜਥੇਬੰਦੀ ‘ਦਾ ਰਜਿਸਟੈਂਸ ਫਰੰਟ’ (ਟੀ ਆਰ ਐੱਫ) ਨੇ ਲਈ ਹੈ। ਹਮਲੇ ’ਚ ਇਕ ਡਾਕਟਰ ਸਣੇ 7 ਜਣੇ ਮਾਰੇ ਗਏ। ਇਹ ਗਗਨਗੀਰ ਤੇ ਸੋਨਗਰਮ ਦਰਮਿਆਨ ਉਸਾਰੀ ਜਾ ਰਹੀ ਇਕ ਸੁਰੰਗ ਦੇ ਪ੍ਰੋਜੈਕਟ ਉਤੇ ਕੰਮ ਕਰ ਰਹੇ ਸਨ। ਇਹ ਸੁਰੰਗ ਸ੍ਰੀਨਗਰ-ਸੋਨਮਰਗ ਦਰਮਿਆਨ ਹਰ ਮੌਸਮ ਵਿਚ ਵਰਤੋਂਯੋਗ ਸੜਕ ਦੀ ਚੱਲ ਰਹੀ ਉਸਾਰੀ ਦਾ ਹਿੱਸਾ ਹੈ।
ਸੂਤਰਾਂ ਨੇ ਦੱਸਿਆ ਕਿ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਪਾਕਿਸਤਾਨ ਰਹਿੰਦਾ ਟੀ ਆਰ ਐੱਫ ਮੁਖੀ ਸ਼ੇਖ ਸੱਜਾਦ ਗੁਲ ਹੈ। ਉਸ ਦੀਆਂ ਹਦਾਇਤਾਂ ਉਤੇ ਹੀ ਉਸ ਦਾ ਸਥਾਨਕ ਮਡਿਊਲ ਸਰਗਰਮ ਹੋਇਆ ਹੈ, ਜਿਸ ਨੇ ਪਹਿਲੀ ਵਾਰ ਕਸ਼ਮੀਰੀਆਂ ਅਤੇ ਗੈਰ-ਕਸ਼ਮੀਰੀਆਂ ਨੂੰ ਇਕੱਠਿਆਂ ਨਿਸ਼ਾਨਾ ਬਣਾਇਆ ਹੈ। ਸਮਝਿਆ ਜਾਂਦਾ ਹੈ ਕਿ ਗੰਦਰਬਲ ਜ਼ਿਲ੍ਹੇ ਦੇ ਗਗਨਗੀਰ ਇਲਾਕੇ ’ਚ ਦੋ ਜਾਂ ਤਿੰਨ ਦਹਿਸ਼ਤਗਰਦਾਂ ਨੇ ਹਮਲਾ ਕੀਤਾ। ਉਪਰੋਕਤ ਦਹਿਸ਼ਤਗਰਦ ਜਥੇਬੰਦੀ ਨੇ ਕਸ਼ਮੀਰ ਵਿਚ ਬੀਤੇ ਕਰੀਬ ਡੇਢ ਸਾਲ ਦੌਰਾਨ ਕਸ਼ਮੀਰੀ ਪੰਡਤਾਂ, ਸਿੱਖਾਂ ਅਤੇ ਹੋਰ ਗੈਰ-ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਹੁਣ ਇਸ ਦੀ ਰਣਨੀਤੀ ਵਿਚ ਅਹਿਮ ਤਬਦੀਲੀ ਆਈ ਹੈ, ਜਿਸ ਤਹਿਤ ਇਹ ਵਿਕਾਸ ਪ੍ਰੋਜੈਕਟਾਂ ਵਿਚ ਲੱਗੇ ਹੋਏ ਦੋਵਾਂ ਮੁਕਾਮੀ ਤੇ ਗੈਰ-ਮੁਕਾਮੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਸੋਮਵਾਰ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਰੇ ਗਏ ਮਜ਼ਦੂਰਾਂ ਵਿਚ ਫਾਹੀਮ ਨਾਸਿਰ (ਸੁਰੱਖਿਆ ਮੈਨੇਜਰ, ਬਿਹਾਰ), ਏਂਜਲ ਸ਼ੁਕਲਾ (ਮਕੈਨੀਕਲ ਮੈਨੇਜਰ, ਮੱਧ ਪ੍ਰਦੇਸ਼), ਮੁਹੰਮਦ ਹਨੀਫ (ਬਿਹਾਰ), ਡਾ. ਸ਼ਾਹਨਵਾਜ (ਜ਼ਿਲ੍ਹਾ ਬਡਗਾਮ, ਜੰਮੂ-ਕਸ਼ਮੀਰ), ਕਲੀਮ (ਬਿਹਾਰ), ਸ਼ਸ਼ੀ ਅਬਰੋਲ (ਜੰਮੂ) ਅਤੇ ਗੁਰਮੀਤ ਸਿੰਘ (ਮਕੈਨਿਕ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ) ਸ਼ਾਮਲ ਹਨ। ਪੰਜ ਹੋਰ ਜ਼ਖਮੀਆਂ ਦਾ ਸ਼ੇਰੇ-ਕਸ਼ਮੀਰ ਹਸਪਤਾਲ ਸ੍ਰੀਨਗਰ ਵਿਚ ਇਲਾਜ ਚੱਲ ਰਿਹਾ ਹੈ।