ਤਲਾਕਸਕਾਲਾ (ਮੈਕਸੀਕੋ) : ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ’ਚ ਚਾਂਦੀ ਦੇ ਨਾਲ ਛੇਵਾਂ ਵਿਸ਼ਵ ਕੱਪ ਫਾਈਨਲ ਮੈਡਲ ਜਿੱਤਿਆ ਹੈ। ਫਾਈਨਲ ’ਚ ਉਹ ਚੀਨ ਦੀ ਲੀ ਜਿਯਾਮਨ ਤੋਂ 0-6 ਨਾਲ ਹਾਰ ਗਈ। 2010 ਕਾਮਨਵੈਲਥ ਖੇਡਾਂ ਦੀ ਚੈਂਪੀਅਨ ਨੇ ਕੁਆਰਟਰ ਅਤੇ ਸੈਮੀਫਾਈਨਲ ’ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਅਤੇ ਕਾਂਸੀ ਤਮਗਾ ਜੇਤੂ ਐਲੇਜ਼ੈਂਡਰਾ ਵੈਲੇਂਸ਼ੀਆ ਨੂੰ ਉਸ ਦੇ ਘਰੇਲੂ ਮੈਦਾਨ ’ਤੇ 6-4 ਨਾਲ ਹਰਾਇਆ ਸੀ। ਦੀਪਿਕਾ ਨੇ ਕਿਹਾ ਕਿ ਇਸ ਵਿਸ਼ਵ ਕੱਪ ਦਾ ਹਿੱਸਾ ਬਣਨਾ ਅਤੇ ਜਿੱਤਣਾ ਮਾਣ ਵਾਲੀ ਗੱਲ ਹੈ। ਹੁਣ ਉਹ ਇਸ ਤੋਂ ਬਾਅਦ ਹੋਰ ਵੀ ਸਖਤ ਮਿਹਨਤ ਕਰੇਗੀ।
ਪਰਾਲੀ ਸਾੜਨ ’ਤੇ 14 ਕਿਸਾਨ ਗਿ੍ਰਫਤਾਰ ਤੇ ਜ਼ਮਾਨਤ ’ਤੇ ਰਿਹਾਅ
ਚੰਡੀਗੜ੍ਹ : ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਡੀ ਐੱਸ ਪੀ (ਹੈੱਡਕੁਆਰਟਰ) ਬੀਰਭਾਨ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਪਰਾਲੀ ਸਾੜਨ ਦੇ ਦੋਸ਼ ’ਚ 14 ਕਿਸਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ, ਪਰ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ, ਕਿਉਂਕਿ ਇਹ ਜੁਰਮ ਜ਼ਮਾਨਤਯੋਗ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੀ ਪਰਾਲੀ ਸਾੜਨ ਦੇ ਦੋਸ਼ੀ ਲੋਕਾਂ ’ਤੇ ਮੁਕੱਦਮਾ ਨਾ ਚਲਾਉਣ ’ਤੇ ਖਿਚਾਈ ਕੀਤੀ ਸੀ।
ਕਰਨ ਜੌਹਰ ਨੇ ਅੱਧੀ ਕੰਪਨੀ ਵੇਚੀ
ਨਵੀਂ ਦਿੱਲੀ : ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਆਪਣੀ ਕੰਪਨੀ ਧਰਮਾ ਪ੍ਰੋਡਕਸ਼ਨ ਦਾ ਅੱਧਾ ਹਿੱਸਾ ਦਵਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ ਈ ਓ ਅਦਾਰ ਪੂਨਾਵਾਲਾ ਨੂੰ ਇਕ ਹਜ਼ਾਰ ਕਰੋੜ ’ਚ ਵੇਚ ਦਿੱਤਾ ਹੈ। ਹਾਲਾਂਕਿ ਕੰਪਨੀ ਦੀ ਅੱਧੀ ਹਿੱਸੇਦਾਰੀ ਧਰਮਾ ਪ੍ਰੋਡਕਸ਼ਨ ਕੋਲ ਰਹੇਗੀ ਅਤੇ ਕਰਨ ਜੌਹਰ ਐਗਜ਼ੀਕਿਊਟਿਵ ਚੇਅਰਮੈਨ ਬਣੇ ਰਹਿਣਗੇ।