20.4 C
Jalandhar
Sunday, December 22, 2024
spot_img

ਸੋਚਣ ਦੀ ਘੜੀ

ਭਾਰਤ ਦਾ ਆਜ਼ਾਦੀ ਸੰਗਰਾਮ ਇਸ ਲਿਹਾਜ਼ ਨਾਲ ਅਨੂਠਾ ਰਿਹਾ ਹੈ ਕਿ ਇਸ ਨੇ ਅਹਿੰਸਕ ਮੁਜ਼ਾਹਮਤ ਨਾਲ ਇਕ ਅਜਿਹੇ ਅਧੁਨਿਕ ਰਾਸ਼ਟਰ-ਰਾਜ ਦੀ ਨੀਂਹ ਰੱਖੀ, ਜਿਸ ’ਚ ਧਰਮ, ਖੇਤਰ, ਭਾਸ਼ਾ ਜਾਂ ਨਸਲ ਦੇ ਵਿਤਕਰੇ ਦੇ ਬਿਨਾਂ ਸਭ ਬਰਾਬਰ ਮੰਨੇ ਗਏ। ਰਜਵਾੜਾਸ਼ਾਹੀ ਖਤਮ ਕਰਕੇ ਅਜਿਹਾ ਰਾਜ ਕਾਇਮ ਕੀਤਾ ਗਿਆ, ਜਿਸ ’ਚ ਧਰਮ-ਨਿਰਪੱਖ ਤੇ ਜਮਹੂਰੀ ਸੰਵਿਧਾਨ ਨੂੰ ਸਰਬਉੱਚ ਸਥਾਨ ਦਿੱਤਾ ਗਿਆ, ਜਿਸ ’ਤੇ ਹੁਕਮਰਾਨਾਂ ਦੇ ਆਉਣ-ਜਾਣ ਨਾਲ ਫਰਕ ਨਾ ਪੈਂਦਾ, ਪਰ ਹੁਣ ਆਜ਼ਾਦੀ ਦੇ ਅੰਮਿ੍ਰਤਕਾਲ ਵਿਚ ਭਾਰਤ ਨੂੰ ਵੰਡ ਦੀਆਂ ਦੁਖਦ ਯਾਦਾਂ ਨਾਲ ਉਲਝਾਇਆ ਜਾ ਰਿਹਾ ਹੈ। ਮੁਸਲਮਾਨਾਂ ਨੂੰ ਇਸ ਦਾ ਗੁਨਾਹਗਾਰ ਦੱਸਦੇ ਹੋਏ ਬਦਲਾ ਲੈਣ ਦਾ ਸੱਦਾ ਦਿੱਤਾ ਜਾ ਰਿਹਾ ਹੈ, ਜਦਕਿ ਭਾਰਤੀ ਮੁਸਲਮਾਨਾਂ ਦੇ ਪੁਰਖੇ ਮੁਹੰਮਦ ਅਲੀ ਜਿਨਾਹ ਨੂੰ ਨਹੀਂ, ਮਹਾਤਮਾ ਗਾਂਧੀ ਤੇ ਨਹਿਰੂ ਨੂੰ ਮੰਨਣ ਵਾਲੇ ਸਨ। ਇਸੇ ਕਰਕੇ ਉਨ੍ਹਾਂ ਇਸਲਾਮ ਦੇ ਨਾਂਅ ’ਤੇ ਬਣਾਏ ਗਏ ਪਾਕਿਸਤਾਨ ਨੂੰ ਛੱਡ ਕੇ ਭਾਰਤ ਵਿਚ ਰਹਿਣਾ ਕਬੂਲ ਕੀਤਾ, ਜਿੱਥੇ ਉਨ੍ਹਾਂ ਦੀ ਸਥਿਤੀ ਹਰ ਹਾਲ ਵਿਚ ‘ਘੱਟ-ਗਿਣਤੀ’ ਵਾਲੀ ਰਹਿਣੀ ਸੀ। ਸਰਦਾਰ ਵੱਲਭ ਭਾਈ ਪਟੇਲ ਨੇ 1950 ’ਚ ਇਕ ਭਾਸ਼ਣ ਵਿਚ ਕਿਹਾ ਸੀਸਾਡਾ ਇਕ ਧਰਮ-ਨਿਰਪੱਖ ਰਾਜ ਹੈ। ਇੱਥੇ ਹਰ ਮੁਸਲਮਾਨ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਭਾਰਤ ਦਾ ਨਾਗਰਿਕ ਹੈ ਤੇ ਭਾਰਤੀ ਹੋਣ ਦੇ ਨਾਤੇ ਉਸ ਦਾ ਬਰਾਬਰ ਅਧਿਕਾਰ ਹੈ। ਜੇ ਅਸੀਂ ਉਸ ਨੂੰ ਅਜਿਹਾ ਅਹਿਸਾਸ ਨਹੀਂ ਕਰਾ ਸਕਦੇ ਤਾਂ ਅਸੀਂ ਆਪਣੀ ਵਿਰਾਸਤ ਤੇ ਇਸ ਦੇਸ਼ ਦੇ ਲਾਇਕ ਨਹੀਂ।
ਮੋਦੀ ਤੋਂ ਲੈ ਕੇ ਯੋਗੀ ਤੱਕ ਸਰਦਾਰ ਪਟੇਲ ਦੇ ਗੁਣ ਗਾਉਦੇ ਨਹੀਂ ਥੱਕਦੇ, ਪਰ ਉਨ੍ਹਾਂ ਦੇ ਰਾਜ ਵਿਚ ਕਿਸੇ ਵੀ ਆਮ ਮੁਸਲਮਾਨ ਨੂੰ ਪਾਕਿਸਤਾਨੀ ਕਿਹਾ ਜਾ ਸਕਦਾ ਹੈ, ਦਹਿਸ਼ਤਗਰਦ ਕਿਹਾ ਜਾ ਸਕਦਾ ਹੈ, ਦੇਸ਼ ਪ੍ਰਤੀ ਉਸ ਦੀ ਵਫਾਦਾਰੀ ਉੱਤੇ ਸ਼ੱਕ ਕੀਤਾ ਜਾ ਸਕਦਾ ਹੈ, ਏਨਾ ਹੀ ਨਹੀਂ ਤਮਾਮ ਧਾਰਮਕ ਜਲੂਸਾਂ ਦੇ ਪਹੀਏ ਕਿਸੇ ਮਸਜਿਦ ਅੱਗੇ ਰੁਕ ਜਾਂਦੇ ਹਨ ਤੇ ਮੁਸਲਮਾਨਾਂ ਪ੍ਰਤੀ ਗਾਲ੍ਹਾਂ ਨਾਲ ਭਰੀ ਨਾਅਰੇਬਾਜ਼ੀ ਸ਼ੁਰੂ ਹੋ ਜਾਂਦੀ ਹੈ, ਹਰੇ ਰੰਗ ਦਾ ਝੰਡਾ ਉਤਰਵਾ ਕੇ ਭਗਵਾਂ ਲਹਿਰਾਉਣ ਵਿਚ ਬਹਾਦਰੀ ਸਮਝੀ ਜਾਂਦੀ ਹੈ। ਹੱਦ ਤਾਂ ਇਹ ਹੈ ਕਿ ਅਜਿਹੇ ਜਲੂਸਾਂ ’ਚ ਭਜਨਾਂ ਦੀ ਥਾਂ ਮੁਸਲਮਾਨਾਂ ਪ੍ਰਤੀ ਨਫਰਤ ਨਾਲ ਭਰੇ ਭੜਕਾਊ ਗਾਣੇ ਵਜਾਏ ਜਾਂਦੇ ਹਨ। ਅਜਿਹੀ ਪ੍ਰਸਥਿਤੀ ਵਿਚ ਇਹ ਉਮੀਦ ਵੀ ਕੀਤੀ ਜਾਂਦੀ ਹੈ ਕਿ ਕੋਈ ਪ੍ਰਤੀਕਿਰਿਆ ਨਾ ਹੋਵੇ। ਮੁਸਲਿਮ ਸਾਂਸਦ ਨੂੰ ਲੋਕ ਸਭਾ ਅੰਦਰ ਗਾਲ੍ਹ ਕੱਢੀ ਜਾ ਸਕਦੀ ਹੈ, ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਇਕ ਸ਼ਬਦ ਨਹੀਂ ਨਿਕਲਦਾ। ਗੋਦੀ ਮੀਡੀਆ ਵੀ ਨਫਰਤ ਦੀ ਇਸ ਅੱਗ ਵਿਚ ਘਿਓ ਪਾ ਰਿਹਾ ਹੈ।
ਜ਼ਾਹਰ ਹੈ ਕਿ ਇਹ ਸਭ ਇਕ ਸਿਆਸੀ ਪ੍ਰੋਜੈਕਟ ਦਾ ਹਿੱਸਾ ਹੈ। ਆਜ਼ਾਦੀ ਦੇ ਅੰਦੋਲਨ ਵਿਚ ਅੰਗਰੇਜ਼ਾਂ ਨਾਲ ਖੜ੍ਹਾ ਰਿਹਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਤਮਾਮ ਭਰਮ ਫੈਲਾ ਕੇ ਅੱਜ ਸੱਤਾ ਵਿਚ ਹੈ ਤੇ ਉਹ ਆਜ਼ਾਦੀ ਦੇ ਅੰਦੋਲਨ ਦੇ ਤਮਾਮ ਸੰਕਲਪਾਂ ਨੂੰ ਉਲਟਣ ਵਿਚ ਲੱਗਿਆ ਹੋਇਆ ਹੈ। ਸਵਾਮੀ ਵਿਵੇਕਾਨੰਦ ਨੇ ‘ਇਸਲਾਮੀ ਸਰੀਰ ਤੇ ਵੇਦਾਂਤੀ ਦਿਮਾਗ ਦੇ ਮੇਲ ਨੂੰ ਭਾਰਤ ਦਾ ਭਵਿੱਖ’ ਦੱਸਿਆ ਸੀ ਤਾਂ ਸਮਝਦਾਰ ਹਿੰਦੂ ਉਨ੍ਹਾ ਦਾ ਸਾਥ ਕਿਵੇਂ ਦੇ ਸਕਦੇ ਹਨ, ਜਿਹੜੇ ਇਸ ਮੇਲ ਨੂੰ ਨਸ਼ਟ ਕਰਨ ’ਤੇ ਤੁਲੇ ਹੋਏ ਹਨ? ਜੇ ਉਹ ਮੁਸਲਮਾਨਾਂ ਦੇ ਨਾਲ ਹਰ ਕਦਮ ’ਤੇ ਹੋਣ ਵਾਲੀ ਬੇਇਨਸਾਫੀ ਨੂੰ ਬਰਦਾਸ਼ਤ ਕਰਦੇ ਰਹਿਣਗੇ ਤਾਂ ਭਲਕ ਨੂੰ ਉਨ੍ਹਾਂ ਨਾਲ ਵੀ ਇਨਸਾਫ ਨਹੀਂ ਹੋਵੇਗਾ। ਇਹ ਹਿੰਦੂਆਂ ਲਈ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਚਿਤਾਵਨੀ ਨੂੰ ਯਾਦ ਕਰਨ ਦਾ ਵੇਲਾ ਹੈ ਕਿ ਜੇ ਤੁਸੀਂ ਬੇਇਨਸਾਫੀ ਨੂੰ ਦੇਖ ਕੇ ਚੁੱਪ ਰਹੇ ਤਾਂ ਪੂਰਾ ਖਤਰਾ ਹੈ ਕਿ ਤੁਹਾਨੂੰ ਵੀ ਇਨਸਾਫ ਨਾ ਮਿਲੇ, ਜਦੋਂ ਤੁਸੀਂ ਬੇਇਨਸਾਫੀ ਦਾ ਸ਼ਿਕਾਰ ਹੋਵੋਗੇ।

Related Articles

Latest Articles