ਨਵੀਂ ਦਿੱਲੀ : ਜ਼ਹਿਰੀਲੀ ਜਮਨਾ ਦੇ ਆਈ ਟੀ ਓ ਨੇੜਲੇ ਘਾਟ ਵਿਚ ਵੀਰਵਾਰ ਨਹਾਉਣ ਤੋਂ ਬਾਅਦ ਭਾਜਪਾ ਦੇ ਦਿੱਲੀ ਪ੍ਰਧਾਨ ਵੀਰੇਂਦਰ ਸਚਦੇਵਾ ਨੂੰ ਔਖੇ ਸਾਹ ਆਉਣ ਤੇ ਖੁਜਲੀ ਹੋਣ ਕਾਰਨ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਇਲਾਜ ਕਰਾਉਣਾ ਪਿਆ। ਡਾਕਟਰਾਂ ਨੇ ਉਨ੍ਹਾ ਨੂੰ ਤਿੰਨ ਦਿਨ ਦੀ ਦਵਾਈ ਲਿਖੀ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2025 ਤੱਕ ਜਮਨਾ ਨੂੰ ਸਵੱਛ ਬਣਾਉਣ ਦਾ ਵਾਅਦਾ ਪੂਰਾ ਕਰਨ ’ਚ ਨਾਕਾਮ ਰਹੇ ਹਨ। ਸਚਦੇਵਾ ਇਹ ਦਿਖਾਉਣ ਲਈ ਜਮਨਾ ਵਿਚ ਵੜੇ ਸਨ ਕਿ ਆਪ ਸਰਕਾਰ ਨੇ ਜਮਨਾ ਨੂੰ ਸਵੱਛ ਕਰਨ ਲਈ ਰੱਖਿਆ ਫੰਡ ਛਕ-ਛਕਾ ਲਿਆ।
ਉਨ੍ਹਾ ਦੀ ਮੰਗ ਹੈ ਕਿ ਆਪ ਸਰਕਾਰ ਜਮਨਾ ਸਵੱਛ ਕਰਨ ਲਈ ਕੇਂਦਰ ਤੋਂ ਮਿਲੇ 8500 ਕਰੋੜ ਦਾ ਹਿਸਾਬ-ਕਿਤਾਬ ਦੇਵੇ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਸੀ ਕਿ ਭਾਜਪਾ ਡਰਾਮਾ ਕਰ ਕੇ ਦਿੱਲੀ ’ਚ ਵਧਦੇ ਪ੍ਰਦੂਸ਼ਣ ਨੂੰ ਮੁੱਦਾ ਬਣਾ ਰਹੀ ਹੈ।