ਦੁਬਈ : ਈਰਾਨੀ ਸੈਨਾ ਨੇ ਸ਼ਨਿੱਚਰਵਾਰ ਕਿਹਾ ਕਿ ਇਜ਼ਰਾਈਲ ਨੇ ਸ਼ੁੱਕਰਵਾਰ ਰਾਤ ਉਸ ਦੇ ਇਲਾਮ, ਖੁਜ਼ਸਤਾਨ ਅਤੇ ਤਹਿਰਾਨ ਸੂਬੇ ਵਿਚ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ, ਜਿਸ ਵਿਚ ਸੀਮਤ ਨੁਕਸਾਨ ਹੋਇਆ ਹੈ। ਈਰਾਨ ਦੇ ਹਥਿਆਰਬੰਦ ਬਲਾਂ ਦਾ ਇਹ ਬਿਆਨ ਸਰਕਾਰੀ ਟੈਲੀਵਿਜ਼ਨ ਚੈਨਲ ’ਤੇ ਪੜ੍ਹਿਆ ਗਿਆ, ਪਰ ਇਸ ਦੌਰਾਨ ਹਮਲਿਆਂ ’ਚ ਹੋਏ ਨੁਕਸਾਨ ਨਾਲ ਸੰਬੰਧਤ ਕੋਈ ਤਸਵੀਰ ਨਹੀਂ ਦਿਖਾਈ ਗਈ।
ਈਰਾਨ ਦੀ ਸੈਨਾ ਨੇ ਦਾਅਵਾ ਕੀਤਾ ਕਿ ਉਸ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਹਮਲਿਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਸੀਮਤ ਕਰ ਦਿੱਤਾ, ਹਾਲਾਂਕਿ ਉਸ ਨੇ ਇਸ ਸੰਬੰਧੀ ਕੋਈ ਸਬੂਤ ਨਹੀਂ ਦਿੱਤਾ। ਉਧਰ, ਇਜ਼ਰਾਈਲ ਨੇ ਕਿਹਾ ਕਿ ਉਸ ਨੇ ਮਿਜ਼ਾਈਲ ਨਿਰਮਾਣ ਪਲਾਂਟਾਂ ਅਤੇ ਹੋਰ ਸਾਈਟਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ। ਉਸ ਦੇ ਜਹਾਜ਼ ਈਰਾਨ ਵਿਚ ਹਮਲੇ ਕਰਨ ਤੋਂ ਬਾਅਦ ਸੁਰੱਖਿਅਤ ਪਰਤ ਆਏ।
ਉੱਜ, ਈਰਾਨ ਨੇ ਮੰਨਿਆ ਹੈ ਕਿ ਹਮਲੇ ਵਿਚ ਦੋ ਫੌਜੀਆਂ ਦੀ ਜਾਨ ਗਈ ਹੈ।
ਈਰਾਨ ਨੇ ਕਿਹਾ ਹੈ ਕਿ ਈਰਾਨ ਖੁਦ ਦੀ ਰਾਖੀ ਕਰਨ ਦਾ ਹੱਕਦਾਰ ਤੇ ਪਾਬੰਦ ਹੈ। ਇਜ਼ਰਾਈਲੀ ਹਮਲੇ ਨੂੰ ਕੌਮਾਂਤਰੀ ਕਾਨੂੰਨ ਦੀ ਭਾਰੀ ਉਲੰਘਣਾ ਕਰਾਰ ਦਿੰਦਿਆਂ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਈਰਾਨ ਖਿੱਤੇ ਦੇ ਅਮਨ ਤੇ ਸਲਾਮਤੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ।
‘ਨਿਊ ਯਾਰਕ ਟਾਈਮਜ਼’ ਮੁਤਾਬਕ ਇਜ਼ਰਾਈਲ ਨੇ ਤਿੰਨ ਘੰਟਿਆਂ ’ਚ 20 ਟਿਕਾਣਿਆਂ ’ਤੇ ਹਮਲੇ ਕੀਤੇ। ਇਨ੍ਹਾਂ ਵਿਚ ਇਕ ਮਿਜ਼ਾਈਲ ਫੈਕਟਰੀ ਤੇ ਫੌਜੀ ਅੱਡੇ ਸ਼ਾਮਲ ਹਨ। ਤਹਿਰਾਨ ਦੇ ਇਮਾਮ ਖੋਮੀਨੀ ਇੰਟਰਨੈਸ਼ਨਲ ਏਅਰਪੋਰਟ ਦੇ ਕੋਲ ਵੀ ਹਮਲਾ ਹੋਇਆ। ਇਹ ਹਮਲੇ ਵੱਡੇ ਤੜਕੇ 2 ਵੱਜ ਕੇ 15 ਮਿੰਟ ਤੋਂ ਲੈ ਕੇ 5 ਵਜੇ ਤੱਕ ਕੀਤੇ ਗਏ। ‘ਯੇਰੂਸ਼ਲਮ ਪੋਸਟ’ ਅਖਬਾਰ ਮੁਤਾਬਕ ਇਜ਼ਰਾਈਲ ਨੇ 100 ਤੋਂ ਵੱਧ ਫਾਈਟਰ ਜੈੱਟਾਂ ਦੀ ਵਰਤੋਂ ਕੀਤੀ। ਉਸ ਨੇ ਪਹਿਲਾਂ ਸੀਰੀਆ ਵਿਚ ਰਾਡਾਰ ਟਿਕਾਣਿਆਂ ’ਤੇ ਹਮਲਾ ਕੀਤਾ ਤੇ ਫਿਰ ਈਰਾਨ ਦੇ ਡਿਫੈਂਸ ਸਿਸਟਮ ਤੇ ਰਾਡਾਰਾਂ ’ਤੇ ਹਮਲੇ ਕੀਤੇ। ‘ਸਕਾਈ ਨਿਊਜ਼ ਅਰਬੀਆ’ ਮੁਤਾਬਕ ਰੂਸ ਨੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਈਰਾਨ ਨੂੰ ਖਬਰਦਾਰ ਕਰ ਦਿੱਤਾ ਸੀ। ਹਿਜ਼ਬੁੱਲ੍ਹਾ ਨੇ ਕਿਹਾ ਹੈ ਕਿ ਈਰਾਨ ਉੱਤੇ ਹਮਲੇ ਤੋਂ ਬਾਅਦ ਉਸ ਨੇ ਉੱਤਰੀ ਇਜ਼ਰਾਈਲ ਦੇ ਸਾਫੇਦ ਸ਼ਹਿਰ ਨੇੜੇ ਉਸ ਦੇ ਇੰਟੈਲੀਜੈਂਸ ਬੇਸ ’ਤੇ ਡਰੋਨਾਂ ਨਾਲ ਹਮਲਾ ਕੀਤਾ। ਅਮਰੀਕਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਹਮਲਿਆਂ ਦਾ ਹਿਸਾਬ ਬਰਾਬਰ ਹੋ ਚੁੱਕਿਆ ਹੈ, ਹੁਣ ਦੋਹਾਂ ਦੇਸ਼ਾਂ ਵੱਲੋਂ ਸੈਨਿਕ ਹਮਲੇ ਬੰਦ ਹੋਣੇ ਚਾਹੀਦੇ ਹਨ। ਅਮਰੀਕਾ ਨੇ ਈਰਾਨ ਨੂੰ ਇਜ਼ਰਾਈਲ ’ਤੇ ਜਵਾਬੀ ਹਮਲਾ ਕਰਨ ’ਤੇ ਅੰਜਾਮ ਭੁਗਤਣ ਦੀ ਚੇਤਾਵਨੀ ਦਿੱਤੀ ਹੈ।
ਪਾਕਿਸਤਾਨ ਨੇ ਈਰਾਨ ’ਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਮੱਧ ਪੂਰਬ ਵਿਚ ਟਕਰਾਅ ਵਧਣ ਲਈ ਇਜ਼ਰਾਈਲ ਹੀ ਜ਼ਿੰਮੇਵਾਰ ਹੈ। ਸੰਯੁਕਤ ਅਰਬ ਅਮੀਰਾਤ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਹਾਲਾਤ ਵਿਗੜਨੋਂ ਰੋਕਣ ਲਈ ਵੱਧ ਤੋਂ ਵੱਧ ਸੰਜਮ ਵਰਤਿਆ ਜਾਵੇ। ਸਾਊਦੀ ਅਰਬ ਨੇ ਇਜ਼ਰਾਈਲ ਦਾ ਨਾਂਅ ਲਏ ਬਿਨਾਂ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਈਰਾਨ ਦੀ ਪ੍ਰਭੂਸੱਤਾ ਤੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ।