ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਕਿਹਾ ਕਿ ‘ਸਾਈਬਰ ਗਿ੍ਰਫਤਾਰੀ’ ਦੇ ਘੁਟਾਲੇ ਤੋਂ ਬਚਣ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ‘ਡਿਜੀਟਲ ਅਰੈੱਸਟ’ ਨੇ ਲਗਭਗ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰਭਾਵਤ ਕੀਤਾ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਕਿਤੇ ਉਨ੍ਹਾਂ ਨੂੰ ਅਜਿਹੇ ਘੁਟਾਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ‘ਰੁਕਣ, ਸੋਚਣ ਤੇ ਕਾਰਵਾਈ ਕਰਨ’ ਦਾ ਮੰਤਰ ਅਪਣਾਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਂਚ ਏਜੰਸੀਆਂ ਇਸ ਨਾਲ ਨਜਿੱਠਣ ਲਈ ਰਾਜਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ, ਪਰ ਇਸ ਅਪਰਾਧ ਤੋਂ ਬਚਣ ਲਈ ਵਿਅਕਤੀ ਵਿਸ਼ੇਸ਼ ਦਾ ਜਾਗਰੂਕ ਹੋਣਾ ਵੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਨਮੂਨੇ ਵਜੋਂ ਇਕ ਵੀਡੀਓ ਵੀ ਚਲਾਈ, ਜਿਸ ਵਿਚ ਇਹ ਦਿਖਾਇਆ ਗਿਆ ਕਿ ਅਜਿਹੇ ਅਪਰਾਧੀ, ਜੋ ਖੁਦ ਨੂੰ ਜਾਂਚ ਏਜੰਸੀਆਂ ਦੇ ਅਧਿਕਾਰੀ ਦੱਸਦੇ ਹਨ, ਕਿਵੇਂ ਆਪਣੇ ਸੰਭਾਵੀ ਸ਼ਿਕਾਰ ਬਾਰੇ ਤਫਸੀਲ ’ਚ ਜਾਣਕਾਰੀ ਇਕੱਤਰ ਕਰਨ ਮਗਰੋਂ ਡਰ ਦਿਖਾ ਕੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ। ਮੋਦੀ ਨੇ ਕਿਹਾਡਿਜੀਟਲ ਅਰੈੱਸਟਸ ਦੇ ਫਰਾਂਡ ਤੋਂ ਸਾਵਧਾਨ ਰਹੋ। ਕੋਈ ਵੀ ਜਾਂਚ ਏਜੰਸੀ ਤਫਤੀਸ਼ ਲਈ ਤੁਹਾਨੂੰ ਫੋਨ ਜਾਂ ਵੀਡੀਓ ਕਾਲ ’ਤੇ ਸੰਪਰਕ ਨਹੀਂ ਕਰਦੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ 1930 ਨੰਬਰ ਡਾਇਲ ਕਰਕੇ ਨੈਸ਼ਨਲ ਸਾਈਬਰ ਹੈੱਲਪਲਾਈਨ ਜਾਂ ਇਸ ਦੇ ਪੋਰਟਲ ਨਾਲ ਜੁੜ ਕੇ ਮਦਦ ਲੈ ਸਕਦੇ ਹਨ ਤੇ ਅਜਿਹੇ ਅਪਰਾਧ ਬਾਰੇ ਪੁਲਸ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਨ। ਮੋਦੀ ਨੇ ਆਪਣੇ ਸੰਬੋਧਨ ਵਿਚ ਐਨੀਮੇਸ਼ਨ ਦੀ ਦੁਨੀਆ ਵਿਚ ਭਾਰਤੀ ਪ੍ਰਤਿਭਾ ਦੇ ਵਧਦੇ ਅਸਰ ਦੀ ਵੀ ਤਾਰੀਫ ਕੀਤੀ। ਉਨ੍ਹਾ ਕਿਹਾ ਕਿ ਭਾਰਤ ਵਿਚ ਰਚਨਾਮਤਕ ਊਰਜਾ ਦੀ ਲਹਿਰ ਚੱਲ ਰਹੀ ਹੈ। ‘ਮੇਡ ਇਨ ਇੰਡੀਆ, ਮੇਡ ਬਾਇ ਇੰਡੀਆ’ ਐਨੀਮੇਸ਼ਨ ਦੀ ਦੁਨੀਆ ਵਿਚ ਚਮਕ ਰਹੇ ਹਨ। ਉਨ੍ਹਾ ਕਿਹਾ ਕਿ ਭਾਰਤੀ ਐਨੀਮੇਸ਼ਨ ਕਿਰਦਾਰ ਜਿਵੇਂ ਛੋਟਾ ਭੀਮ ਤੇ ਮੋਟੂ-ਪਤਲੂ ਬਹੁਤ ਮਕਬੂਲ ਹਨ।