ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਦੀ ਪੁਲਸ ਨੇ ਸੂਬੇ ਦੇ ਗੋਂਦੀਆ ਵਿਚ ਇੱਕ 35 ਸਾਲਾ ਵਿਅਕਤੀ ਦੀ ਸ਼ਨਾਖਤ ਕੀਤੀ ਹੈ, ਜਿਸ ਵੱਲੋਂ ਭਾਰਤ ਵਿਚ ਵੱਖ-ਵੱਖ ਥਾਵਾਂ ’ਤੇ ਏਅਰਲਾਈਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਨਾਗਪੁਰ ਸਿਟੀ ਪੁਲਸ ਦੀ ਸਪੈਸ਼ਲ ਬ੍ਰਾਂਚ ਨੇ ਉਸ ਵਿਅਕਤੀ ਦੀ ਪਛਾਣ ਜਗਦੀਸ਼ ਉਈਕੀ ਵਜੋਂ ਕੀਤੀ ਹੈ, ਜੋ ਦਹਿਸ਼ਤਗਰਦੀ ਬਾਰੇ ਇੱਕ ਕਿਤਾਬ ਦਾ ਲੇਖਕ ਵੀ ਹੈ। ਇਸ ਵਿਅਕਤੀ ਨੂੰ ਇੱਕ ਕੇਸ ’ਚ 2021 ’ਚ ਗਿ੍ਰਫਤਾਰ ਕੀਤਾ ਗਿਆ ਸੀ।
ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਈਕੀ ਇਸ ਸਮੇਂ ਧਮਕੀਆਂ ਭਰੀਆਂ ਈ-ਮੇਲਾਂ ਦਾ ਪਤਾ ਲੱਗਣ ਤੋਂ ਬਾਅਦ ਫਰਾਰ ਹੈ। ਡੀ ਸੀ ਪੀ ਸ਼ਵੇਤਾ ਖੇਦਕਰ ਦੀ ਅਗਵਾਈ ਵਾਲੀ ਜਾਂਚ ਵਿਚ ਉਈਕੀ ਨੂੰ ਈ-ਮੇਲਾਂ ਨਾਲ ਜੋੜਨ ਵਾਲੀ ਵਿਸਤਿ੍ਰਤ ਜਾਣਕਾਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਈਕੀ ਨੇ ਪ੍ਰਧਾਨ ਮੰਤਰੀ ਦਫਤਰ (ਪੀ ਐੱਮ ਓ), ਰੇਲ ਮੰਤਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਨ੍ਹਾ ਦੇ ਡਿਪਟੀ, ਏਅਰਲਾਈਨ ਦਫਤਰਾਂ, ਪੁਲਸ ਡਾਇਰੈਕਟਰ ਜਨਰਲ (ਡੀ ਜੀ ਪੀ) ਅਤੇ ਰੇਲਵੇ ਸੁਰੱਖਿਆ ਬਲ (ਆਰ ਪੀ ਐੱਫ) ਸਮੇਤ ਵੱਖ-ਵੱਖ ਸਰਕਾਰੀ ਸੰਸਥਾਵਾਂ ਨੂੰ ਈ-ਮੇਲ ਭੇਜੇ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਸੋਮਵਾਰ ਨਾਗਪੁਰ ਪੁਲਸ ਨੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੇ ਸ਼ਹਿਰ ਵਿਚਲੇ ਨਿਵਾਸ ਦੇ ਬਾਹਰ ਸੁਰੱਖਿਆ ਵਧਾ ਦਿੱਤੀ, ਜਦੋਂ ਉਈਕੀ ਨੇ ਇੱਕ ਈ-ਮੇਲ ਭੇਜੀ, ਜਿਸ ’ਚ ਧਮਕੀ ਦਿੱਤੀ ਗਈ ਸੀ। ਉਈਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਬੇਨਤੀ ਵੀ ਕੀਤੀ ਹੈ ਤਾਂ ਕਿ ਉਹ ਦਹਿਸ਼ਤਗਰਦੀ ਦੇ ਖਤਰਿਆਂ ਬਾਰੇ ਆਪਣੇ ਗਿਆਨ ’ਤੇ ਚਰਚਾ ਕਰ ਸਕੇ। ਪੁਲਸ ਨੇ ਕਿਹਾ ਕਿ ਉਈਕੀ ਨੂੰ ਗਿ੍ਰਫਤਾਰ ਕਰਨ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ ਅਤੇ ਜਲਦੀ ਹੀ ਉਸ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।
26 ਅਕਤੂਬਰ ਤੱਕ 13 ਦਿਨਾਂ ’ਚ ਭਾਰਤੀ ਜਹਾਜ਼ਾਂ ਦੀਆਂ 300 ਤੋਂ ਵੱਧ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਸਰਕਾਰੀ ਏਜੰਸੀਆਂ ਨੇ ਪਹਿਲਾਂ ਕਿਹਾ ਸੀ ਕਿ ਜ਼ਿਆਦਾਤਰ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੀਆਂ ਗਈਆਂ ਸਨ। ਇਕੱਲੇ 22 ਅਕਤੂਬਰ ਨੂੰ ਇੰਡੀਗੋ ਅਤੇ ਏਅਰ ਇੰਡੀਆ ਦੀਆਂ 13-13 ਉਡਾਣਾਂ ਸਮੇਤ ਲੱਗਭੱਗ 50 ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਸੀ।
ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ 26 ਅਕਤੂਬਰ ਨੂੰ 25 ਸਾਲਾ ਸ਼ੁਭਮ ਉਪਾਧਿਆਇ ਨੂੰ ਫੜਿਆ ਸੀ, ਜਿਸ ਨੇ ਮਸ਼ਹੂਰ ਹੋਣ ਲਈ 25 ਅਕਤੂਬਰ ਨੂੰ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਇਕ ਜਹਾਜ਼ ਵਿਚ ਧਮਕੀ ਵਾਲੀ ਪੋਸਟ ਪਾਈ ਸੀ। ਮੁੰਬਈ ਪੁਲਸ ਨੇ ਵੀ ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਰਾਜਨੰਦਗਾਂਵ ਦੇ 17 ਸਾਲਾ ਨੌਜਵਾਨ ਨੂੰ ਹਿਰਾਸਤ ’ਚ ਲਿਆ ਸੀ, ਜਿਸ ਨੇ ਪੈਸਿਆਂ ਦੇ ਲੈਣ-ਦੇਣ ਦੇ ਝਗੜੇ ’ਚ ਦੋਸਤ ਨੂੰ ਫਸਾਉਣ ਲਈ ਉਸ ਦੇ ਨਾਂਅ ’ਤੇ ‘ਐੱਕਸ’ ਅਕਾਊਂਟ ਬਣਾ ਕੇ 14 ਅਕਤੂਬਰ ਨੂੰ ਚਾਰ ਉਡਾਣਾਂ ਵਿਚ ਬੰਬ ਹੋਣ ਦੀ ਪੋਸਟ ਪਾਈ ਸੀ।