ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਲਗਭਗ 12,850 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਆਗਾਜ਼ ਕੀਤਾ ਅਤੇ ਸਿਹਤ ਬੀਮਾ ਯੋਜਨਾ ‘ਆਯੂਸ਼ਮਾਨ ਭਾਰਤ’ ਦਾ ਘੇਰਾ ਵਧਾ ਕੇ ਇਸ ਵਿਚ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਨਾਗਰਿਕਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਗਰੀਬਾਂ ਦੇ ਹਸਪਤਾਲ ਵਿਚ ਦਾਖਲ ਹੋਣ ਉਤੇ ਉਨ੍ਹਾਂ ਦੇ ਪੰਜ ਲੱਖ ਰੁਪਏ ਤੱਕ ਦੇ ਇਲਾਜ ਦਾ ਖਰਚ ਸਰਕਾਰ ਚੁੱਕੇਗੀ। ਇਹ ਐਲਾਨ ਉਨ੍ਹਾ ਨੌਵੇਂ ਆਯੁਰਵੈਦ ਦਿਵਸ ਅਤੇ ਦਵਾਈ-ਇਲਾਜ ਦੇ ਹਿੰਦੂ ਦੇਵਤਾ ਧਨਵੰਤਰੀ ਦੀ ਜੈਅੰਤੀ ਮੌਕੇ ਕੀਤਾ। ਸਿਹਤ ਸੰਭਾਲ ਨੂੰ ਵਧੇਰੇ ਪਹੁੰਚਯੋਗ ਬਣਾਉਣ ਲਈ ਮੋਦੀ ਨੇ ਡਰੋਨ ਤਕਨਾਲੋਜੀ ਦੀ ਨਵੀਂ-ਨਿਵੇਕਲੀ ਵਰਤੋਂ ਤਹਿਤ 11 ਟਰਸ਼ਰੀ ਸਿਹਤ ਸੰਭਾਲ ਸੰਸਥਾਵਾਂ ’ਚ ਡਰੋਨ ਸੇਵਾਵਾਂ ਦੀ ਸ਼ੁਰੂਆਤ ਵੀ ਕੀਤੀ। ਇਹ ਸਹੂਲਤ ਹੋਰਨਾਂ ਤੋਂ ਇਲਾਵਾ ਉੱਤਰਾਖੰਡ ’ਚ ਏਮਜ਼-ਰਿਸ਼ੀਕੇਸ਼, ਹਿਮਾਚਲ ’ਚ ਏਮਜ਼-ਬਿਲਾਸਪੁਰ ਵਿਖੇ ਵੀ ਉਪਲੱਬਧ ਹੋਵੇਗੀ। ਉਨ੍ਹਾ ਏਮਜ਼ ਰਿਸ਼ੀਕੇਸ਼ ਤੋਂ ਇੱਕ ਹੈਲੀਕਾਪਟਰ ਐਮਰਜੈਂਸੀ ਮੈਡੀਕਲ ਸੇਵਾ ਵੀ ਲਾਂਚ ਕੀਤੀ।




