ਵੈਨਕੂਵਰ : ਦੋ ਮਹੀਨੇ ਪਹਿਲਾਂ ਕੈਨੇਡਾ ਦੇ ਸੂਬੇ ਬਿ੍ਰਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ’ਚ ਪੰਜਾਬੀ ਗਾਇਕ ਏ ਪੀ ਢਿੱਲੋਂ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ ਅਭਿਜੀਤ ਕਿੰਗਰਾ (25) ਨੂੰ ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਤੋਂ ਗਿ੍ਰਫਤਾਰ ਕੀਤਾ ਹੈ। ਪੁਲਸ ਦਾ ਮੰਨਣਾ ਹੈ ਕਿ ਉਸ ਦਾ ਵਿਨੀਪੈੱਗ ਰਹਿੰਦਾ ਰਿਹਾ ਸਾਥੀ ਵਿਕਰਮ ਸ਼ਰਮਾ (23) ਵਾਰਦਾਤ ਤੋਂ ਬਾਅਦ ਮੌਕਾ ਤਾੜ ਕੇ ਭਾਰਤ ਭੱਜ ਗਿਆ ਹੈ। ਗੋਲੀਬਾਰੀ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂਅ ਹੇਠ ਇਹ ਕਹਿ ਕੇ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਐਕਟਰ ਸਲਮਾਨ ਖਾਨ ਦਾ ਸਾਥੀ ਹੋਣ ਕਰਕੇ ਏ ਪੀ ਢਿੱਲੋਂ ਨੂੰ ਟ੍ਰੇਲਰ ਵਿਖਾਇਆ ਗਿਆ ਹੈ ਕਿ ਉਸ ਦਾ ਕੀ ਹਸ਼ਰ ਕੀਤਾ ਜਾ ਸਕਦਾ ਹੈ। ਬੀਤੀ 2 ਸਤੰਬਰ ਦੀ ਰਾਤ 9.30 ਵਜੇ ਢਿੱਲੋਂ ਦੇ ਵਿਕਟੋਰੀਆ ਸ਼ਹਿਰ ਦੇ ਕੋਲਵੁੱਡ ਖੇਤਰ ਵਿਚਲੇ ਘਰ ’ਤੇ ਕਈ ਗੋਲੀਆਂ ਚੱਲੀਆਂ ਸਨ।
ਘਟਨਾ ਤੋਂ ਬਾਅਦ ਦੋ ਜਣੇ ਥੋੜ੍ਹੀ ਦੂਰ ਜਾ ਕੇ ਆਪਣੀਆਂ ਚੋਰੀ ਦੀਆਂ ਕਾਰਾਂ ਨੂੰ ਅੱਗ ਲਾ ਕੇ ਫਰਾਰ ਹੋ ਗਏ ਸਨ। ਅਗਲੇ ਦਿਨ ਗਾਇਕ ਢਿੱਲੋਂ ਨੇ ਐੱਕਸ ਤੇ ਪੋਸਟ ਪਾ ਕੇ ਆਪਣੇ ਠੀਕ-ਠਾਕ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਉਹ ਘਬਰਾਉਣ ਵਾਲਾ ਨਹੀਂ ਤੇ ਨਾ ਹੀ ਆਪਣੇ ਕਿਸੇ ਸਟੈਂਡ ਤੋਂ ਪਿੱਛੇ ਹਟੇਗਾ।