ਚੰਡੀਗੜ੍ਹ : ਮੱਧ ਪ੍ਰਦੇਸ਼ ਤੋਂ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਨ ਦੇ ਸੰਬੰਧ ’ਚ 7 ਜਣੇ 12 ਪਿਸਤੌਲਾਂ, 16 ਮੈਗਜ਼ੀਨਾਂ ਅਤੇ 23 ਜ਼ਿੰਦਾ ਕਾਰਤੂਸਾਂ ਸਣੇ ਕਾਬੂ ਕੀਤੇ ਗਏ ਹਨ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਜਾਣ ਵਾਲਿਆਂ ਦੀ ਪਛਾਣ ਕਰਨਜੀਤ ਸਿੰਘ ਉਰਫ ਧਨੀ, ਜਸ਼ਨਦੀਪ ਸਿੰਘ ਉਰਫ ਮਾਇਆ ਉਰਫ ਛਿੱਲਰ, ਇਸ਼ਮੀਤ ਸਿੰਘ ਉਰਫ ਰਿਸ਼ੂ, ਅੰਮਿ੍ਰਤਪਾਲ ਸਿੰਘ ਉਰਫ ਸਪਰਾ ਤੇ ਦਿਲਪ੍ਰੀਤ ਸਿੰਘ ਉਰਫ ਦਿਲ ਸਾਰੇ ਵਾਸੀ ਛੇਹਰਟਾ ਜ਼ਿਲ੍ਹਾ ਅੰਮਿ੍ਰਤਸਰ ਅਤੇ ਵਰਿੰਦਰ ਸਿੰਘ ਉਰਫ ਰਵੀ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਬਾਬਾ ਬਕਾਲਾ ਸਾਹਿਬ ਵਜੋਂ ਹੋਈ ਹੈ। ਇਹ ਮਡਿਊਲ ਮੱਧ ਪ੍ਰਦੇਸ਼ ਤੋਂ ਹਥਿਆਰ ਮੰਗਵਾ ਕੇ ਵੱਖ-ਵੱਖ ਗਰੋਹਾਂ ਨੂੰ ਮੁਹੱਈਆ ਕਰਵਾ ਰਿਹਾ ਸੀ। ਧਨੀ ਨੇ ਆਪਣੇ ਭਰਾ ਜਸ਼ਨਦੀਪ ਸਿੰਘ ਅਤੇ ਇਸ਼ਮੀਤ ਨਾਲ ਮਿਲ ਕੇ ਅਮਰੀਕਾ ਅਧਾਰਤ ਦਿਲਪ੍ਰੀਤ ਸਿੰਘ ਦੀਆਂ ਹਦਾਇਤਾਂ ’ਤੇ ਮੱਧ ਪ੍ਰਦੇਸ ਤੋਂ ਹਥਿਆਰਾਂ ਦੀ ਖੇਪ ਗਰੋਹ ਮੈਂਬਰਾਂ ਤੱਕ ਪਹੁੰਚਾਉਣ ਲਈ ਲਿਆਂਦੀ ਸੀ।
ਕੜਾਹੀ ’ਚ ਡਿੱਗਿਆ ਮੋਬਾਇਲ ਫਟਣ ਨਾਲ ਬੰਦੇ ਦੀ ਮੌਤ
ਭਿੰਡ : ਮੱਧ ਪ੍ਰਦੇਸ਼ ਦੇ ਭਿੰਡ ਦੇ ਪਿੰਡ ਲੁਹਾਰ ’ਚ ਖਾਣਾ ਬਣਾਉਦਿਆਂ ਕੜਾਹੀ ’ਚ ਡਿੱਗਿਆ ਮੋਬਾਇਲ ਫੋਨ ਫਟਣ ਨਾਲ ਵਿਅਕਤੀ ਦੀ ਮੌਤ ਹੋ ਗਈ। ਉਸਨੇ ਕੜਾਹੀ ਵਿੱਚੋਂ ਮੋਬਾਈਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਬੈਟਰੀ ਫਟਣ ਨਾਲ ਗੰਭੀਰ ਰੂਪ ’ਚ ਝੁਲਸ ਗਿਆ। ਮੁਢਲੇ ਇਲਾਜ ਤੋਂ ਬਾਅਦ 40 ਸਾਲਾ ਚੰਦਰ ਪ੍ਰਕਾਸ਼ ਨੂੰ ਬੁੱਧਵਾਰ ਰਾਤ ਗਵਾਲੀਅਰ ਲਿਜਾਇਆ ਜਾ ਰਿਹਾ ਸੀ ਤਾਂ ਸੜਕ ਜਾਮ ਹੋਣ ਕਾਰਨ ਐਂਬੂਲੈਂਸ ਨੂੰ ਰਸਤਾ ਨਹੀਂ ਮਿਲ ਸਕਿਆ ਤੇ ਉਸਦੀ ਰਾਹ ’ਚ ਹੀ ਮੌਤ ਹੋ ਗਈ।