ਸ੍ਰੀਨਗਰ : ਜੰਮੂ-ਕਸ਼ਮੀਰ ਵਿਧਾਨ ਸਭਾ ਦੀ ਕਾਰਵਾਈ ਵੀਰਵਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਵਿਚਾਲੇ ਗਰਮਾ-ਗਰਮੀ ਮਗਰੋਂ ਮੁਲਤਵੀ ਕਰ ਦਿੱਤੀ ਗਈ। ਬੁੱਧਵਾਰ ਨੂੰ ਧਾਰਾ 370 ਦੀ ਬਹਾਲੀ ਦਾ ਮਤਾ ਪਾਸ ਕੀਤੇ ਜਾਣ ਦਾ ਵਿਰੋਧ ਕਰ ਰਹੇ ਭਾਜਪਾ ਵਿਧਾਇਕਾਂ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸਪੀਕਰ ਅਬਦੁਲ ਰਹੀਮ ਰਾਠਰ ਨੇ ਸਦਨ ਦੀ ਕਾਰਵਾਈ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ।
ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੀ ਸੰਸਦ ਵੱਲੋਂ ਧਾਰਾ 370 ਨੂੰ ਰੱਦ ਕਰਨ ਅਤੇ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਕਾਰਵਾਈ ਨੂੰ ਬਰਕਰਾਰ ਰੱਖਣ ਤੋਂ ਬਾਅਦ ਇਸ ਦੀ ਬਹਾਲੀ ਲਈ ਮਤਾ ਪਾਸ ਕਰਨਾ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਹੈ। ਭਾਜਪਾ ਦੇ ਵਿਰੋਧ ਦਾ ਸੱਤਾਧਾਰੀ ਨੈਸ਼ਨਲ ਕਾਨਫਰੰਸ (ਐੱਨ ਸੀ) ਵਿਧਾਇਕਾਂ ਅਤੇ ਹੋਰਨਾਂ ਵੱਲੋਂ ਸਖਤ ਸ਼ਬਦਾਂ ’ਚ ਜਵਾਬ ਦਿੱਤਾ ਗਿਆ, ਜਿਨ੍ਹਾਂ ਮਤੇ ਦੇ ਸਮਰਥਨ ’ਚ ਵੋਟ ਦਿੱਤੀ।
ਜੰਮੂ-ਕਸ਼ਮੀਰ ਨੂੰ ਧਾਰਾ 370 ਦੇ ਤਹਿਤ ਦਿੱਤੇ ਗਏ ਵਿਸ਼ੇਸ਼ ਦਰਜੇ ’ਤੇ ਭਾਜਪਾ ਦੇ ਮੈਂਬਰਾਂ ਵੱਲੋਂ ਸਖਤ ਰਾਏ ਦੇਣ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ। ਸਪੀਕਰ ਰਾਠਰ ਨੇ ਗੁੱਸਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੰਗਾਮੇ ਨੂੰ ਰੋਕਣ ਲਈ ਉਨ੍ਹਾ ਦੀਆਂ ਵਾਰ-ਵਾਰ ਕੋਸ਼ਿਸ਼ਾਂ ਨਾਕਾਮ ਹੋਣ ’ਤੇ ਉਨ੍ਹਾ ਕਾਰਵਾਈ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ। ਭਾਜਪਾ ਵਿਧਾਇਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮਤਾ ਵਾਪਸ ਲੈਣ ਤੱਕ ਵਿਧਾਨ ਸਭਾ ਦੀ ਕਾਰਵਾਈ ਨਹੀਂ ਚੱਲਣ ਦੇਣਗੇ। ਵਿਧਾਨ ਸਭਾ ਨੇ ਬੁੱਧਵਾਰ ਧਾਰਾ 370 ਦੀ ਬਹਾਲੀ ਲਈ ਮਤਾ ਪਾਸ ਕੀਤਾ ਸੀ।




