ਰਿਆਸੀ : ਜੰਮੂ-ਕਸ਼ਮੀਰ ਦੇ ਰਿਆਸੀ ’ਚ ਵੀਰਵਾਰ ਕਾਰ ਖੱਡ ’ਚ ਡਿੱਗਣ ਕਾਰਨ ਨਾਬਾਲਗ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮਹੋਰ ਦੇ ਗੰਜੋਟੇ ਇਲਾਕੇ ’ਚ ਡਰਾਈਵਰ ਨੇ ਕਾਰ ’ਤੇ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਉਹ ਡੂੰਘੀ ਖੱਡ ’ਚ ਜਾ ਡਿੱਗੀ। ਮਿ੍ਰਤਕਾਂ ਦੀ ਪਛਾਣ 40 ਸਾਲਾ ਮਨਜ਼ੂਰ ਅਹਿਮਦ (ਅਧਿਆਪਕ), ਉਸ ਦੀ 10 ਸਾਲਾ ਬੇਟੀ ਉਲਫਤ ਜਾਨ, 42 ਸਾਲਾ ਗੁਲਾਮ ਮੋਹੀਉਦੀਨ ਅਤੇ ਉਸ ਦੇ 28 ਸਾਲਾ ਪੁੱਤਰ ਬਸ਼ੀਰ ਅਹਿਮਦ ਵਜੋਂ ਹੋਈ ਹੈ। ਸਾਰੇ ਮਹੋਰ ਤਹਿਸੀਲ ਦੇ ਵਸਨੀਕ ਸਨ।
ਜੈੱਟ ਏਅਰਵੇਜ਼ ਦਾ ਭੋਗ ਪੈ ਗਿਆ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਜੈੱਟ ਏਅਰਵੇਜ਼ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ। ਅਦਾਲਤ ਨੇ ਨੈਸ਼ਨਲ ਕੰਪਨੀ ਲਾਅ ਟਿ੍ਰਬਿਊਨਲ (ਐੱਨ ਸੀ ਐੱਲ ਟੀ) ਦੇ ਉਸ ਫੈਸਲੇ ਨੂੰ ਵੀ ਰੱਦ ਕਰ ਦਿੱਤਾ, ਜਿਸ ਨੇ ਜੈਟ ਏਅਰਵੇਜ਼ ਦੀ ਮਲਕੀਅਤ ਨੂੰ ਜਾਲਾਨ-ਕਾਲਰੋਕ ਕੰਸੋਰਟੀਅਮ ਨੂੰ ਤਬਦੀਲ ਕਰਨ ਨੂੰ ਬਰਕਰਾਰ ਰੱਖਿਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਜੈੱਟ ਏਅਰਵੇਜ਼ ਦੇ ਕਰਜ਼ਦਾਤਾਵਾਂ ਅਤੇ ਇਸ ਦੇ ਕਰਮਚਾਰੀਆਂ ਦੇ ਹਿੱਤ ’ਚ ਲਿਕਵਿਡੇਸ਼ਨ ਹੋਵੇਗਾ ਕਿਉਂਕਿ ਜਾਲਾਨ-ਕਾਲਰੋਕ ਕੰਸੋਰਟੀਅਮ ਆਪਣੀ ਮਨਜ਼ੂਰੀ ਦੇ ਪੰਜ ਸਾਲ ਬਾਅਦ ਵੀ ਰੈਜ਼ੋਲੂਸ਼ਨ ਯੋਜਨਾ ਨੂੰ ਲਾਗੂ ਕਰਨ ਵਿੱਚ ਅਸਫਲ ਰਿਹਾ ਹੈ। ਐੱਨ ਸੀ ਐੱਲ ਟੀ ਨੇ ਪ੍ਰਵਾਨਤ ਰੈਜ਼ੋਲੂਸ਼ਨ ਯੋਜਨਾ ਦੇ ਤਹਿਤ ਜੈੱਟ ਏਅਰਵੇਜ਼ ਦੀ ਮਲਕੀਅਤ ਜਾਲਾਨ-ਕਾਲਰੋਕ ਕੰਸੋਰਟੀਅਮ ਨੂੰ ਸੌਂਪਣ ਦਾ ਫੈਸਲਾ ਕੀਤਾ ਸੀ। ਹਾਲਾਂਕਿ, ਐੱਸ ਬੀ ਆਈ ਅਤੇ ਹੋਰ ਲੈਣਦਾਰਾਂ ਨੇ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ’ਚ ਪਟੀਸਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਜੈੱਟ ਏਅਰਵੇਜ਼ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੰਸੋਰਟੀਅਮ ਰਾਹੀਂ ਪ੍ਰਸਤਾਵਤ ਸੰਕਲਪ ਯੋਜਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਕੰਸੋਰਟੀਅਮ ਨਿਰਧਾਰਤ ਸਮੇਂ ਦੇ ਅੰਦਰ ਪਹਿਲੀ ਕਿਸ਼ਤ ਵੀ ਜਮ੍ਹਾ ਨਹੀਂ ਕਰਵਾ ਸਕਿਆ। ਸੁਪਰੀਮ ਕੋਰਟ ਨੇ ਇਹ ਫੈਸਲਾ 16 ਅਕਤੂਬਰ ਨੂੰ ਸੁਰੱਖਿਅਤ ਰੱਖ ਲਿਆ ਸੀ।




