ਅੰਮਿ੍ਰਤਾ ਵੜਿੰਗ ਆਈ ਪਤੀ ਦੀ ਹਮਾਇਤ ’ਤੇ, ਬਿੱਟੂ ਨੂੰ ਭੰਡਿਆ

0
200

ਚੰਡੀਗੜ੍ਹ : ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦਰਮਿਆਨ ਲਿੰਗ ਅਧਾਰਤ ਟਿੱਪਣੀ ਨੂੰ ਲੈ ਕੇ ਸਿਆਸੀ ਹਮਲੇ ਤੇਜ਼ ਹੋਣ ਦੇ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮਿ੍ਰਤਾ ਵੜਿੰਗ ਨੇ ਆਪਣੇ ਪਤੀ ਦੇ ਪੱਖ ’ਚ ਵੀਡੀਓ ਜਾਰੀ ਕੀਤੀ ਹੈ। ਅੰਮਿ੍ਰਤਾ ਵੜਿੰਗ ਨੇ ਬਿੱਟੂ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾ ਨੂੰ ਕੇਂਦਰੀ ਮੰਤਰੀ ਹੁੰਦਿਆਂ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਸ ਨੇ ਕਿਹਾਬਿੱਟੂ ਵੀਰ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਪਹਿਲੀ ਵਾਰ ਨਹੀਂ ਕਿ ਰਾਜਾ ਜੀ ਇਸ ਤਰ੍ਹਾਂ ਬੋਲੇ। ਅਸੀਂ ਦੋਵੇਂ ਆਪਣੇ ਦਿਲ ਦੀ ਗੱਲ ਕਰਦੇ ਹਾਂ, ਕਿਸੇ ਭਾਸ਼ਣ ਨੂੰ ਪੜ੍ਹ ਕੇ ਨਹੀਂ ਬੋਲਦੇ। ਲੋਕ ਜਾਣਦੇ ਹਨ ਅਤੇ ਸਮਝਦੇ ਹਨ ਕਿ ਅਸੀਂ ਉਨ੍ਹਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ। ਅਮਿ੍ਰਤਾ ਵੜਿੰਗ ਨੇ ਕਿਹਾ ਕਿ ਉਨ੍ਹਾ ਦੇ ਪਤੀ ਰਾਜਾ ਵੜਿੰਗ ਨੇ ਉਨ੍ਹਾ ਨੂੰ ਸਿਆਸਤ ’ਚ ਤੁਰਨਾ ਸਿਖਾਇਆ ਹੈ, ਅੱਜ ਉਹ ਜੋ ਕੁੱਝ ਵੀ ਹਨ, ਰਾਜਾ ਦੀ ਬਦੌਲਤ ਹਨ। ਉਨ੍ਹਾ ਬਿੱਟੂ ਨੂੰ ਕਿਹਾਅਜਿਹੇ ਕੋਝੇ ਮਜ਼ਾਕ ਨੂੰ ਔਰਤਾਂ ਬੜੀ ਚੰਗੀ ਤਰ੍ਹਾਂ ਸਮਝਦੀਆਂ ਹਨ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਣਾ ਚਾਹਾਂਗੀ ਕਿ ਉਨ੍ਹਾ ਕਿਸ ਤਰ੍ਹਾਂ ਦੇ ਆਦਮੀ ਨੂੰ ਮੰਤਰੀ ਬਣਾਇਆ ਹੈ। ਅਜਿਹੀ ਮਾਨਸਿਕਤਾ ਵਾਲੇ ਆਦਮੀ ਨੂੰ ਏਨੇ ਵੱਡੇ ਅਹੁਦੇ ’ਤੇ ਨਹੀਂ ਹੋਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਗਿੱਦੜਬਾਹਾ ’ਚ ਹਾਲ ਹੀ ’ਚ ਇੱਕ ਜਨਤਕ ਰੈਲੀ ’ਚ ਰਾਜਾ ਵੜਿੰਗ ਵੱਲੋਂ ਕੀਤੀ ਗਈ ਇੱਕ ਟਿੱਪਣੀ ਕਾਰਨ ਵਿਵਾਦ ਸ਼ੁਰੂ ਹੋਇਆ। ਵੀਡੀਓ ਵਿਚ ਰਾਜਾ ਵੜਿੰਗ ਕਹਿੰਦੇ ਸੁਣਾਈ ਦਿੰਦੇ ਹਨਮੇਰੀ ਪਤਨੀ ਸਵੇਰੇ 6 ਵਜੇ ਤਿਆਰ ਹੋਣ ਤੋਂ ਬਾਅਦ (ਆਪਣੀ ਚੋਣ ਮੁਹਿੰਮ ਲਈ) ਰੋਜ਼ਾਨਾ ਮੈਦਾਨ ਵਿਚ ਉਤਰਦੀ ਹੈ ਅਤੇ 11 ਵਜੇ ਵਾਪਸ ਆਉਂਦੀ ਹੈ। ਉਹ ਹੁਣ ਮੇਰੇ ਤੋਂ ਦੂਰ ਹੈ। ਕਿਰਪਾ ਕਰਕੇ ਮੇਰੇ ਲਈ ਇੱਕ ਰਸੋਈਏ ਦਾ ਪ੍ਰਬੰਧ ਕਰੋ, ਜੋ ਭੋਜਨ ਤਿਆਰ ਕਰ ਸਕੇ। ਕੁਝ ਦਿਨਾਂ ਬਾਅਦ (ਵਿਧਾਨ ਸਭਾ ਉਪ ਚੋਣ ਦੇ ਨਤੀਜੇ ਆਉਣ ਤੋਂ ਬਾਅਦ) ਉਹ ਹੋਰ ਕੰਮਾਂ ’ਚ ਰੁਝ ਜਾਵੇਗੀ, ਮੈਂ ਉਸ ਨੂੰ ਦੋ ਮਿੰਟ ਲਈ ਵੀ ਨਹੀਂ ਮਿਲਾਂਗਾ। ਇਸ ਟਿੱਪਣੀ ਸੰਬੰਧੀ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਪੁਰਾਣੇ ਲਿੰਗ ਅਧਾਰਤ ਨਿਯਮਾਂ ਨੂੰ ਮਜ਼ਬੂਤ ਕਰਦੀਆਂ ਹਨ, ਜਿਸ ਨਾਲ ਔਰਤਾਂ ਲਈ ਆਪਣੇ ਟੀਚਿਆਂ ਨੂੰ ਪੂਰਾ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਕੰਮ ਵਾਲੀ ਥਾਂ ਅਤੇ ਇਸ ਤੋਂ ਬਾਹਰ ਸਾਰੀਆਂ ਔਰਤਾਂ ਲਈ ਸਨਮਾਨ ਅਤੇ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਇਸ ਰਵੱਈਏ ਨੂੰ ਚੁਣੌਤੀ ਦੇਣਾ ਅਤੇ ਉਨ੍ਹਾਂ ਨੂੰ ਖਾਰਜ ਕਰਨਾ ਬਹੁਤ ਜ਼ਰੂਰੀ ਹੈ। ਬਿੱਟੂ ਵੜਿੰਗ ਦੀ ਪਤਨੀ ਅੰਮਿ੍ਰਤਾ ਵਿਰੁੱਧ ਚੋਣ ਲੜ ਰਹੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਲਈ ਗਿੱਦੜਬਾਹਾ ਵਿਚ ਲਗਾਤਾਰ ਚੋਣ ਪ੍ਰਚਾਰ ਕਰਦੇ ਰਹੇ ਹਨ। ਇਸ ਤੋਂ ਪਹਿਲਾਂ ਵੜਿੰਗ ਨੇ ਜਨਤਕ ਤੌਰ ’ਤੇ ਬਿੱਟੂ ਨੂੰ ਇਹ ਕਹਿ ਕੇ ਨਿਸ਼ਾਨਾ ਬਣਾਇਆ ਸੀ ਕਿ ਲੁਧਿਆਣਾ ’ਚ ਹਾਰ ਦਾ ਸਵਾਦ ਚੱਖਣ ਵਾਲਾ ਆਗੂ ਹੁਣ ਗਿੱਦੜਬਾਹਾ ’ਚ ਚੋਣ ਪ੍ਰਚਾਰ ਕਰਨ ਆਇਆ ਹੈ।