ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਾਰਮਾਸਿਸਟ/ਫਾਰਮੇਸੀ ਅਫਸਰਾਂ ਦੇ 454 ਅਹੁਦਿਆਂ ਲਈ ਚੋਣ ਪ੍ਰਕਿਰਿਆ ‘ਤੇ ਰੋਕ ਲਾ ਦਿੱਤੀ ਹੈ। ਬੈਂਚ ਨੇ, ਮੁੱਢਲੇ ਤੌਰ ‘ਤੇ, ਪਾਇਆ ਕਿ 19 ਜੁਲਾਈ ਨੂੰ ਹੋਈ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਲਾਈਵ ਲੀਕ ਹੋ ਗਿਆ ਸੀ ਅਤੇ ਡਿਜੀਟਲ ਅਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਉਮੀਦਵਾਰਾਂ ਨੂੰ ਜਵਾਬ ਸਪਲਾਈ ਕੀਤੇ ਜਾ ਰਹੇ ਸਨ। ਜਸਟਿਸ ਸੰਦੀਪ ਮੌਦਗਿਲ ਨੇ ਸੂਬਾ ਸਰਕਾਰ ਤੋਂ ਇਹ ਸਪੱਸ਼ਟੀਕਰਨ ਵੀ ਮੰਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਕਿਉਂ ਨਾ ਸੌਂਪੀ ਜਾਵੇ। ਜਸਟਿਸ ਮੌਦਗਿਲ ਨੇ ਦੇਖਿਆ ਕਿ ਪੰਜਾਬ ਪੁਲਸ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਪਾਸ ਹੋਣ ਦੀ ਗਰੰਟੀ ਲਈ ਪ੍ਰਤੀ ਉਮੀਦਵਾਰ 3.5 ਲੱਖ ਤੋਂ 13 ਲੱਖ ਰੁਪਏ ਤੱਕ ਦੀ ਭਾਰੀ ਰਕਮ ਵਸੂਲੀ ਜਾ ਰਹੀ ਸੀ ਅਤੇ ਕਈ ਉਮੀਦਵਾਰਾਂ ਨੇ ਧੋਖੇਬਾਜ਼ਾਂ ਨੂੰ ਵਿੱਤੀ ਗਰੰਟੀ ਵਜੋਂ ਤਾਰੀਖ ਤੋਂ ਬਾਅਦ ਦੇ ਚੈੱਕ (ਪੋਸਟ-ਡੇਟਿਡ ਚੈੱਕ) ਦਿੱਤੇ ਸਨ।
ਚੰਡੀਗੜ੍ਹ ‘ਚ ਹੌਲਦਾਰ ਦੀ ਹੱਤਿਆ
ਚੰਡੀਗੜ੍ਹ : ਸੈਕਟਰ 9 ਸਥਿਤ ਪੁਲਸ ਹੈੱਡਕੁਆਰਟਰ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਨਿਤਿਨ ਕੁਮਾਰ ਦੀ ਸ਼ੁੱਕਰਵਾਰ ਤੜਕਸਾਰ ਉਸ ਦੇ ਸੈਕਟਰ 22-ਏ ਸਥਿਤ ਘਰ ਵਿੱਚ ਸੁੱਤੇ ਪਏ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਂਚ ਦੌਰਾਨ ਘਰ ਦੀ ਛੱਤ ਤੋਂ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ ਹੈ। ਪੁਲੀਸ ਨੇ ਮ੍ਰਿਤਕ ਦੇ ਪੁੱਤਰ ਅਰਮਾਨ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਸ਼ੁਰੂਆਤੀ ਜਾਂਚ ਵਿੱਚ ਮਾਮਲਾ ਘਰੇਲੂ ਕਲੇਸ਼ ਨਾਲ ਜੁੜਿਆ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਅਰਮਾਨ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। 24-25 ਫਰਵਰੀ ਦੀ ਦਰਮਿਆਨੀ ਰਾਤ ਉਸ ‘ਤੇ ਥਾਰ ਗੱਡੀ ਨਾਲ ਮੋਟਰਸਾਈਕਲ ਨੂੰ ਟੱਕਰ ਮਾਰਨ ਦਾ ਦੋਸ਼ ਹੈ, ਜਿਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਉਹ ਇਸ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ।
ਬ੍ਰਿਜ ਭੂਸ਼ਣ ਨੂੰ ਬਰੀ ਕਰਨ ਨੂੰ ਚੁਣੌਤੀ
ਨਵੀਂ ਦਿੱਲੀ : ਮਹਿਲਾ ਭਲਵਾਨਾਂ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਤੇ ਸਾਬਕਾ ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬਰੀ ਹੋਣ ਨੂੰ ਰਾਉਜ਼ ਐਵੇਨਿਊ ਕੋਰਟ ਵਿੱਚ ਚੁਣੌਤੀ ਦਿੱਤੀ ਹੈ, ਜਿਸ ‘ਤੇ ਸ਼ਨੀਵਾਰ ਨੂੰ ਸੁਣਵਾਈ ਹੋਵੇਗੀ।
ਕਾਨੂੰਨ ਘਾੜਿਆਂ ਖਿਲਾਫ ਕੇਸਾਂ ਦੀ ਸੁਣਵਾਈ ਛੇਤੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇਸ਼ ਭਰ ਵਿੱਚ ਕਾਨੂੰਨਘਾੜਿਆਂ ਨਾਲ ਜੁੜੇ ਅਪਰਾਧਿਕ ਕੇਸਾਂ ਦੇ ਜਲਦੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ਾਂ ਦੀ ਮੰਗ ਕਰਨ ਵਾਲੀ 2016 ਦੀ ਇੱਕ ਜਨਹਿਤ ਪਟੀਸ਼ਨ ਨੂੰ ਫੌਰੀ ਸੁਣਵਾਈ ਲਈ ਸੂਚੀਬੱਧ ਕਰਨ ‘ਤੇ ਸਹਿਮਤੀ ਪ੍ਰਗਟਾਈ। ਚੀਫ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੀ ਬੈਂਚ ਵਿੱਚ ਸ਼ਾਮਲ ਜੱਜਾਂ ਵਿੱਚੋਂ ਇੱਕ, ਜਸਟਿਸ ਵੀ ਮੋਹਨਾ ਨੇ 18 ਅਗਸਤ ਨੂੰ ਇਸ ਕੇਸ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ, ਇਹ ਕਹਿੰਦੇ ਹੋਏ ਕਿ ਉਹ ਪਹਿਲਾਂ ਇਸ ਮਾਮਲੇ ਵਿੱਚ ਸੀਨੀਅਰ ਵਕੀਲ ਵਜੋਂ ਪੇਸ਼ ਹੋ ਚੁੱਕੇ ਹਨ। ਤਿਲੰਗਾਨਾ ਦੇ ਮੁੱਖ ਮੰਤਰੀ ਅਨੁਮੁਲਾ ਰੇਵੰਤ ਰੈਡੀ ਦੇ ਖਿਲਾਫ 89 ਕੇਸ ਹਨ, ਉਸ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਖਿਲਾਫ 29 ਅਤੇ ਕਰਨਾਟਕ ਦੇ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਖਿਲਾਫ 19 ਕੇਸ ਹਨ।
ਗਿਆਨੇਸ਼ ਵਿਰੁੱਧ ਮੁਕੱਦਮੇ ਲਈ ਸੁਪਰੀਮ ਕੋਰਟ ‘ਚ ਪਟੀਸ਼ਨ
ਨਵੀਂ ਦਿੱਲੀ : ਵੋਟਰ ਸੂਚੀਆਂ ਦੀ ਐੱਸ ਆਈ ਆਰ ਦੇ ਸੰਬੰਧ ਵਿੱਚ ਕਾਨੂੰਨੀ ਡਿਊਟੀਆਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਅਪਰਾਧਿਕ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।
ਵਕੀਲ ਚੰਦ ਕੁਰੈਸ਼ੀ ਰਾਹੀਂ ਵਕੀਲ ਸ਼ੈਲੇਂਦਰ ਮਣੀ ਤ੍ਰਿਪਾਠੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਕੁਮਾਰ ਵੱਲੋਂ ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਕਥਿਤ ਤੌਰ ‘ਤੇ ਲਏ ਗਏ ਫੈਸਲਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਾਫਟਵੇਅਰ ਸੋਧਾਂ ਨੂੰ ਗੈਰ-ਸੰਵਿਧਾਨਕ ਅਤੇ ਰੱਦ ਐਲਾਨਿਆ ਜਾਵੇ। ਇਹ ਵੀ ਮੰਗ ਕੀਤੀ ਗਈ ਹੈ ਕਿ ਐੱਸ ਆਈਆਰ ਨਾਲ ਸੰਬੰਧਤ ਅਜਿਹੇ ਸਾਰੇ ਫੈਸਲਿਆਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਜਾਵੇ ਅਤੇ ਅਸਲ ਫਾਰਮ 6 ਨੂੰ ਬਹਾਲ ਕੀਤਾ ਜਾਵੇ।
ਪਟੀਸ਼ਨਰ ਨੇ ਲੋਕ ਪ੍ਰਤੀਨਿਧਤਾ ਐਕਟ ਤਹਿਤ ਆਪਣੀਆਂ ਕਾਨੂੰਨੀ ਡਿਊਟੀਆਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕੁਮਾਰ, ਡਿਪਟੀ ਚੋਣ ਕਮਿਸ਼ਨਰ ਮਨੀਸ਼ ਗਰਗ ਅਤੇ ਚੋਣ ਕਮਿਸ਼ਨ ਦੀ ਆਈ ਟੀ ਮੁਖੀ ਸੀਮਾ ਖੰਨਾ ਦੇ ਅਪਰਾਧਿਕ ਮੁਕੱਦਮੇ ਦੀ ਮੰਗ ਕੀਤੀ ਹੈ।
ਮੋਦੀ ਦੀ ਵਰਕਰਾਂ ਨੂੰ ਸਲਾਹ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਵੋਟ ਬੈਂਕ ਦੀ ਸਿਆਸਤ ਦੀ ਬਜਾਏ ਸਮਾਜਿਕ ਸੁਧਾਰਾਂ ਅਤੇ ਹਾਂਪੱਖੀ ਬਦਲਾਅ ‘ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ। ਵਾਰਾਣਸੀ ਤੋਂ ਵਡਨਗਰ ਤੱਕ ਚੱਲ ਰਹੀ ਮੋਟਰਸਾਈਕਲ ਰੈਲੀ ‘ਸੇਵਾ ਯਾਤਰਾ’ ਦੇ ਭਾਗੀਦਾਰਾਂ ਨਾਲ ਵਰਚੁਅਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਦੇਸ਼ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿਚਾਲੇ ਪਾੜਾ ਕਾਫੀ ਘਟਿਆ ਹੈ। ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਵਿੱਚ ਵੱਡਾ ਸੁਧਾਰ ਆਇਆ ਹੈ ਅਤੇ ਔਰਤਾਂ ਦੀ ਆਤਮ-ਨਿਰਭਰਤਾ ਵੀ ਵਧੀ ਹੈ।




