ਜੰਮੂ : ਰਾਜੌਰੀ ਜ਼ਿਲ੍ਹੇ ‘ਚ ਵੀਰਵਾਰ ਤੜਕੇ ਦਹਿਸ਼ਤਗਰਦਾਂ ਦੇ ਫੌਜੀ ਕੈਂਪ ‘ਤੇ ਹਮਲੇ ਦੌਰਾਨ ਹੋਏ ਮੁਕਾਬਲੇ ਵਿਚ ਇਕ ਜੇ ਸੀ ਓ ਸਣੇ 3 ਜਵਾਨ ਸ਼ਹੀਦ ਹੋ ਗਏ ਤੇ 3 ਜ਼ਖਮੀ ਹੋ ਗਏ | ਜਵਾਨਾਂ ਨੇ ਵੀ ਦੋ ਦਹਿਸ਼ਤਗਰਦ ਮਾਰ ਦਿੱਤੇ | ਆਰਮੀ ਦੇ ਪੀ ਆਰ ਓ ਲੈਫਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਦੋਵਾਂ ਦਹਿਸ਼ਤਗਰਦਾਂ ਨੇ ਹੈਾਡ ਗਰਨੇਡ ਸੁੱਟ ਕੇ ਦਹਰਾਲ ਇਲਾਕੇ ਦੇ ਪਾਰਗਲ ‘ਚ ਫੌਜੀ ਕੈਂਪ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਚੌਕਸ ਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ | ਇਸ ਤੋਂ ਬਾਅਦ ਹੋਏ ਮੁਕਾਬਲੇ ਵਿਚ 6 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 3 ਬਾਅਦ ‘ਚ ਦਮ ਤੋੜ ਗਏ | ਸ਼ਹੀਦ ਹੋਣ ਵਾਲੇ ਰਾਜਸਥਾਨ ਦੇ ਮਾਲੀਗੋਵਨ ਦੇ ਸੂਬੇਦਾਰ ਰਜਿੰਦਰ ਪ੍ਰਸਾਦ, ਤਾਮਿਲਨਾਡੂ ਦੇ ਰਾਈਫਲਮੈਨ ਲਕਸ਼ਮਣਨ ਤੇ ਫਰੀਦਾਬਾਦ ਦੇ ਪਿੰਡ ਸ਼ਾਹਜਹਾਂਪੁਰ ਦੇ ਰਾਈਫਲਮੈਨ ਮਨੋਜ ਕੁਮਾਰ ਹਨ | ਆਜ਼ਾਦੀ ਦਿਹਾੜੇ ਤੋਂ ਚਾਰ ਦਿਨ ਪਹਿਲਾਂ ਹੋਇਆ ਇਹ ਹਮਲਾ ਕਰੀਬ ਤਿੰਨ ਵਰਿ੍ਹਆਂ ਦੇ ਵਕਫੇ ਬਾਅਦ ਕੇਂਦਰ ਸ਼ਾਸਤ ਸੂਬੇ ਜੰਮੂ-ਕਸ਼ਮੀਰ ਵਿਚ ‘ਫਿਦਾਈਨਾਂ’ ਦੀ ਵਾਪਸੀ ਦਾ ਸੰਕੇਤ ਹੈ |