22 C
Jalandhar
Thursday, November 21, 2024
spot_img

ਬਰੈਂਪਟਨ ਤੇ ਮਿਸੀਸਾਗਾ ਨਗਰ ਨਿਗਮਾਂ ‘ਚ ਧਰਮ ਸਥਾਨਾਂ ਨੇੜੇ ਵਿਖਾਵਿਆਂ ਖਿਲਾਫ ਮਤੇ ਪਾਸ

ਵੈਨਕੂਵਰ : ਕੈਨੇਡਾ ‘ਚ ਭਾਰਤੀ ਵਸੋਂ ਦੀ ਬਹੁਤਾਤ ਵਾਲੇ ਸ਼ਹਿਰ ਬਰੈਂਪਟਨ ‘ਚ ਪਿਛਲੇ ਦਿਨੀਂ ਭਾਰਤੀ ਕੌਂਸਲੇਟ ਅਮਲੇ ਵੱਲੋਂ ਇਕ ਧਾਰਮਿਕ ਸਥਾਨ ਅੰਦਰ ਲਾਏ ਕੈਂਪ ਮੌਕੇ ਹੋਈ ਹੁੱਲੜਬਾਜ਼ੀ ਨੂੰ ਫਿਰਕੂ ਰੰਗਤ ਦੇਣ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਓਾਟਾਰੀਓ ਸੂਬੇ ਦੇ ਦੋ ਸ਼ਹਿਰਾਂ ਬਰੈਂਪਟਨ ਅਤੇ ਮਿਸੀਸਾਗਾ ਦੀਆਂ ਨਗਰ ਨਿਗਮਾਂ ਨੇ ਧਾਰਮਿਕ ਸਥਾਨਾਂ ਦੇ 100 ਮੀਟਰ ਦੇ ਘੇਰੇ ‘ਚ ਰੋਸ ਵਿਖਾਵੇ ਰੋਕਣ ਬਾਰੇ ਮਤੇ ਪਾਸ ਕੀਤੇ ਹਨ | ਮਤਿਆਂ ਦੇ ਖਰੜੇ ਨੂੰ ਅੰਤਮ ਰੂਪ ਦੇ ਕੇ ਹੋਂਦ ‘ਚ ਲਿਆਉਣ (ਬਾਈਲਾਅ ਬਣਾਉਣ) ਤੋਂ ਬਾਅਦ ਅਜਿਹੇ ਵਿਖਾਵਾਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਹੋ ਸਕੇਗੀ | ਹੁਣ ਤੱਕ ਅਜਿਹੀ ਵਿਵਸਥਾ ਨਾ ਹੋਣ ਕਾਰਨ ਹੀ 3 ਨਵੰਬਰ ਵਾਲੇ ਵਿਖਾਵਾਕਾਰੀਆਂ ਨਾਲ ਨਰਮਾਈ ਵਰਤੀ ਗਈ ਸੀ | ਇਹ ਰੋਕਾਂ ਲਾਗੂ ਹੋਣ ‘ਤੇ ਤਣਾਅ ਦੀਆਂ ਸੰਭਾਵਨਾਵਾਂ ਖਤਮ ਹੋ ਜਾਣਗੀਆਂ | ਮਤਿਆਂ ‘ਚ ਭਾਵੇਂ 100 ਮੀਟਰ ਦੂਰੀ ਦਾ ਜ਼ਿਕਰ ਹੈ, ਪਰ ਹਾਲਾਤ ਅਨੁਸਾਰ ਘੱਟੋ-ਘੱਟ ਦੂਰੀ ਵਧਾਏ-ਘਟਾਏ ਜਾਣ ਦੀ ਗੁੰਜਾਇਸ਼ ਦੀ ਵਿਵਸਥਾ ਵੀ ਕੀਤੀ ਗਈ ਹੈ | ਦੋਹਾਂ ਨਿਗਮਾਂ ‘ਚ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਦੋਹਾਂ ਸ਼ਹਿਰਾਂ ‘ਚ ਅਮਨ-ਕਾਨੂੰਨ ਕਾਇਮੀ ਨਾਲ ਸਿੱਝਦੀ ਪੀਲ ਖੇਤਰੀ ਪੁਲਸ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਭਰੋਸਾ ਪ੍ਰਗਟਾਇਆ ਹੈ ਕਿ ਇਸ ਨਾਲ ਧਾਰਮਿਕ ਸਥਾਨਾਂ ਅੰਦਰਲੇ ਸ਼ਰਧਾਲੂਆਂ ਦੇ ਮਨ ਦੀ ਸ਼ਾਂਤੀ ‘ਚ ਵਿਘਨ ਨਹੀਂ ਪਏਗਾ | ਪੁਲਸ ਬੁਲਾਰੇ ਨੇ ਕਿਹਾ ਕਿ ਉਹ ਭਾਰਤੀ ਕੌਂਸਲੇਟ ਦਫਤਰ, ਧਾਰਮਿਕ ਸਥਾਨ ਕਮੇਟੀਆਂ ਤੇ ਹੋਰਾਂ ਨਾਲ ਸੰਪਰਕ ‘ਚ ਰਹਿ ਕੇ ਯਕੀਨੀ ਬਣਾਉਣਗੇ ਕਿ ਫਿਰ ਤੋਂ ਅਜਿਹੀ ਕਿਸੇ ਮੰਦਭਾਗੀ ਘਟਨਾ ਦੇ ਮੌਕੇ ਹੀ ਪੈਦਾ ਨਾ ਹੋ ਸਕਣ | ਉਸ ਨੇ ਕਿਹਾ ਕਿ ਧਾਰਮਿਕ ਸਥਾਨਾਂ ਨੇੜੇ ਪੁਲਸ ਗਸ਼ਤ ਵਧਾਈ ਗਈ ਹੈ ਤੇ ਸ਼ਰਾਰਤੀ ਅਨਸਰਾਂ ‘ਤੇ ਨੇੜਿਓਾ ਨਜ਼ਰ ਰੱਖੀ ਜਾ ਰਹੀ ਹੈ | ਭਾਰਤੀ ਕੌਂਸਲੇਟ ਦਫਤਰ ਵੱਲੋਂ ਕੈਨੇਡਾ ਰਹਿ ਰਹੇ ਭਾਰਤੀ ਪੈਨਸ਼ਨ ਧਾਰਕਾਂ ਨੂੰ ਜੀਵਤ ਪ੍ਰਮਾਣ ਪੱਤਰ ਜਾਰੀ ਕਰਨ ਲਈ ਅਗਲੇ ਦਿਨਾਂ ‘ਚ ਧਾਰਮਿਕ ਸਥਾਨਾਂ ‘ਤੇ ਲਾਏ ਜਾਣ ਵਾਲੇ ਕੈਂਪ ਰੱਦ ਕਰ ਦਿੱਤੇ ਗਏ ਹਨ | ਉੱਧਰ, ਨਿਰਪੱਖ ਸੋਚ ਵਾਲੇ ਲੋਕ ਆਪਣੀ ਇਹ ਮੰਗ ਉਭਾਰਨ ਵਿਚ ਲੱਗੇ ਹਨ ਕਿ ਭਾਰਤੀ ਕੌਂਸਲੇਟ ਅਮਲੇ ਵੱਲੋਂ ਧਾਰਮਿਕ ਸਥਾਨਾਂ ‘ਤੇ ਕੈਂਪ ਲਾਉਣ ਤੋਂ ਸੰਕੋਚ ਕਰਕੇ ਫਿਰਕੂ ਪਾੜੇ ਪਾਉਣ ਵਾਲਿਆਂ ਦੇ ਇਰਾਦੇ ਅਸਫਲ ਕਰਨ ਵਾਲਿਆਂ ਦੇ ਨਾਲ ਖੜ੍ਹਨਾ ਚਾਹੀਦਾ ਹੈ |

Related Articles

Latest Articles