ਵੈਨਕੂਵਰ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਕਿਹਾ ਹੈ ਕਿ ਕੈਨੇਡਾ ਨੂੰ ਦੁਨੀਆ ਦੇ ਲੋਕਾਂ ਦੀ ਪੁਸ਼ਤਾਂ ਪੁਰਾਣੀ ਨਫਰਤੀ ਸੋਚ ਨੂੰ ਆਪਣੀ ਧਰਤੀ ’ਤੇ ਪਨਾਹ ਦੇਣੀ ਤੁਰੰਤ ਬੰਦ ਕਰਨੀ ਚਾਹੀਦੀ ਹੈ। ਉਹ ਅਬਰਾਹਮ ਗਲੋਬਲ ਪੀਸ ਇਨੀਸ਼ਿਏਟਿਵ ਵੱਲੋਂ ਕਰਵਾਏ ਸਮਾਗਮ ’ਚ ਬੋਲ ਰਹੇ ਸਨ।
ਲਗਾਤਾਰ 9 ਸਾਲ (2006 ਤੋਂ 2015 ਤੱਕ) ਕੈਨੇਡਾ ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਸਿਆਸਤ ਛੱਡ ਚੁੱਕੇ ਟੋਰੀ ਆਗੂ ਰਹੇ ਹਾਰਪਰ ਨੇ ਦੁੱਖ ਪ੍ਰਗਟਾਇਆ ਕਿ ਮੌਜੂਦਾ ਸਰਕਾਰ ਨੂੰ ਜਿਹਾਦੀ ਅਤੇ ਖਾਲਿਸਤਾਨੀ ਸੋਚ ਵਾਲੇ ਲੋਕਾਂ ਨੂੰ ਕੈਨੇਡਾ ’ਚ ਦਾਖਲਾ ਦੇਣ ਦੀ ਗਲਤੀ ਨੂੰ ਤੁਰੰਤ ਠੀਕ ਕੀਤੇ ਜਾਣ ਦੇ ਯਤਨ ਸ਼ੁਰੂ ਕਰਕੇ ਕੈਨੇਡਾ ਦੀ ਭਲਾਈ ਬਾਰੇ ਸੋਚਣ ਦੀ ਲੋੜ ਹੈ। ਆਪਣੇ ਨਿਰ-ਵਿਵਾਦ ਕਾਰਜਕਾਲ ਦੀ ਮਿਸਾਲ ਦਿੰਦਿਆਂ ਉਨ੍ਹਾ ਕਿਹਾ ਕਿ ਦੇਸ਼ ਦੇ ਵਪਾਰਕ ਹਿੱਤਾਂ ਸਮੇਤ ਹੋਰ ਸੰਬੰਧਾਂ ਨੂੰ ਧਿਆਨ ’ਚ ਰੱਖਦਿਆਂ ਕਿਸੇ ਖਾਸ ਧਿਰ ਲਈ ਇਨ੍ਹਾਂ ਹਿੱਤਾਂ ਨੂੰ ਦਾਅ ’ਤੇ ਲਾ ਦੇਣਾ ਦੇਸ਼ ਨੂੰ ਦਹਾਕਿਆਂ ਤੱਕ ਨਾ ਪੂਰੇ ਹੋਣ ਵਾਲੇ ਘਾਟੇ ਵੱਲ ਧੱਕਦਾ ਹੈ। ਉਨ੍ਹਾ ਕਿਹਾ ਕਿ ਨਫਰਤੀ ਸੋਚ ਨੂੰ ਆਪਣੀ ਧਰਤੀ ’ਤੇ ਪਨਾਹ ਦੇ ਕੇ ਉਸ ਨੂੰ ਵਿਗਸਣ ਦੇਣ ਤੋਂ ਪੈਦਾ ਹੋਣ ਵਾਲੇ ਨਤੀਜੇ ਦੇਸ਼ ਲਈ ਘਾਤਕ ਸਾਬਤ ਹੋਣ ਦੀਆਂ ਘਟਨਾਵਾਂ ਨਾਲ ਇਤਿਹਾਸ ਭਰਿਆ ਪਿਆ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕੁਝ ਨਾਂਅ ਲੈਣ ਤੋਂ ਝਿਜਕ ਲਾਹੁੰਦਿਆਂ ਕਿਹਾ ਕਿ ਜਿਹਾਦੀ ਗਰੁੱਪ, ਤਾਮਿਲ ਟਾਈਗਰਜ਼ ਤੇ ਖਾਲਿਸਤਾਨੀ ਸੋਚ ਵਾਲੇ ਲੋਕਾਂ ਨੂੰ ਪਨਾਹ ਦੇ ਕੇ ਪੁਸ਼ਤਪਨਾਹੀ ਦੀ ਗਲਤੀ ਦੇ ਨਤੀਜੇ ਹੁਣ ਸਾਰੇ ਦੇਸ਼ਵਾਸੀਆਂ ਨੂੰ ਭੁਗਤਣੇ ਪੈ ਰਹੇ ਨੇ। ਇਸ ਮੌਕੇ ਸੰਗਠਨ ਵੱਲੋਂ ਉਨ੍ਹਾਂ ਨੂੰ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਆ ਗਿਆ।