ਪੇਸ਼ਾਵਰ : ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ’ਚ ਆਤਮਘਾਤੀ ਹਮਲੇ ਦੌਰਾਨ 12 ਜਵਾਨ ਤੇ 6 ਦਹਿਸ਼ਤਗਰਦ ਮਾਰੇ ਗਏ। ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨਜ਼ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਮੰਗਲਵਾਰ ਦੇਰ ਰਾਤ ਬੰਨੰੂ ਜ਼ਿਲ੍ਹੇ ਦੇ ਮਾਲੀਖੇਲ ਖੇਤਰ ’ਚ ਸਾਂਝੀ ਜਾਂਚ ਚੌਕੀ ’ਤੇ ਵਿਸਫੋਟਕ ਨਾਲ ਭਰੇ ਟਰੱਕ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਚੌਕੀ ’ਚ ਦਾਖਲ ਹੋਣ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਜਵਾਨਾਂ ਨੇ ਨਾਕਾਮ ਕਰ ਦਿੱਤਾ।
ਆਤਮਘਾਤੀ ਧਮਾਕੇ ਕਾਰਨ ਘੇਰੇ ਦੀ ਕੰਧ ਦਾ ਕੁਝ ਹਿੱਸਾ ਢਹਿ ਗਿਆ ਅਤੇ ਨਾਲ ਲੱਗਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ, ਜਿਸ ਦੇ ਨਤੀਜੇ ਵਜੋਂ ਸੁਰੱਖਿਆ ਬਲਾਂ ਦੇ 10 ਸਿਪਾਹੀਆਂ ਅਤੇ ਫਰੰਟੀਅਰ ਕਾਂਸਟੇਬੁਲਰੀ ਦੇ ਦੋ ਸਿਪਾਹੀਆਂ ਸਮੇਤ 12 ਜਵਾਨਾਂ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਹੋਈ ਗੋਲੀਬਾਰੀ ’ਚ ਛੇ ਦਹਿਸ਼ਤਗਰਦ ਮਾਰੇ ਗਏ। ਥਿੰਕ ਟੈਂਕ ਸੈਂਟਰ ਫਾਰ ਰਿਸਰਚ ਐਂਡ ਸਕਿਉਰਿਟੀ ਸਟੱਡੀਜ਼ ਦੇ ਅਨੁਸਾਰ ਮੌਜੂਦਾ ਸਾਲ ਦੀ ਤੀਜੀ ਤਿਮਾਹੀ ’ਚ ਪਾਕਿਸਤਾਨ ਵਿੱਚ ਹਿੰਸਾ ’ਚ 90 ਪ੍ਰਤੀਸ਼ਤ ਵਾਧਾ ਹੋਇਆ ਹੈ।