ਵਾਸ਼ਿੰਗਟਨ : ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਰਾਜਦੂਤ ਰਹੀ ਨਿੱਕੀ ਹੇਲੀ ਨੇ ਮੁਲਕ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤੁਲਸੀ ਗਬਾਰਡ ਨੂੰ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਨਿਯੁਕਤ ਕੀਤੇ ਜਾਣ ਦਾ ਵਿਰੋਧ ਕੀਤਾ ਹੈ ਤੇ ਗਬਾਰਡ ਨੂੰ ਰੂਸ, ਸੀਰੀਆ, ਈਰਾਨ ਅਤੇ ਚੀਨ ਵਰਗੇ ਮੁਲਕਾਂ ਦੀ ਹਮਦਰਦ ਦੱਸਿਆ ਹੈ। ਹੇਲੀ ਨੇ ਟਰੰਪ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਈਰਾਨ ਨਾਲ ਪ੍ਰਮਾਣੂ ਸਮਝੌਤਾ ਤੋੜੇ ਜਾਣ ਦੇ ਗਬਾਰਡ ਵੱਲੋਂ ਕੀਤੇ ਗਏ ਵਿਰੋਧ, ਸੀਰੀਆ ’ਚ ਰਸਾਇਣਕ ਹਥਿਆਰਾਂ ਦੇ ਹਮਲਿਆਂ ’ਚ ਬਸ਼ਰ ਅਲ-ਅਸਦ ਦੀ ਸ਼ਮੂਲੀਅਤ ਉਤੇ ਸ਼ੱਕ ਕੀਤੇ ਜਾਣ ਅਤੇ ਯੂਕਰੇਨ ’ਚ ਚੱਲ ਰਹੀ ਜੰਗ ਬਾਰੇ ਤੁਲਸੀ ਦੀਆਂ ਟਿੱਪਣੀਆਂ ਲਈ ਉਸ ਦੀ ਆਲੋਚਨਾ ਕੀਤੀ ਹੈ। ਗੌਰਤਲਬ ਹੈ ਕਿ ਗਬਾਰਡ ਨੇ ਰੂਸ ਦੇ ਯੂਕਰੇਨ ਉਤੇ ਹਮਲੇ ਲਈ ਨਾਟੋ ਨੂੰ ਦੋਸ਼ੀ ਠਹਿਰਾਇਆ ਸੀ।