ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ ਕੁਮਾਰ ਨੇ ਸ਼ੁੱਕਰਵਾਰ ਕਿਹਾ ਕਿ ਉਨ੍ਹਾ ਦੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ, ਪਰ ਉਹ ਕੇਂਦਰ ਵਿਚ ਸੱਤਾਧਾਰੀ ਐੱਨ ਡੀ ਏ ਵਿਰੁੱਧ ‘ਵਿਰੋਧੀ ਏਕਤਾ’ ਬਣਾਉਣ ਵਿਚ ਸਕਾਰਾਤਮਕ ਭੂਮਿਕਾ ਨਿਭਾਅ ਸਕਦੇ ਹਨ। ਕੁਮਾਰ ਨੇ ਬਿਹਾਰ ਵਿਚ ਨਵੇਂ ਪ੍ਰਬੰਧ ਖਿਲਾਫ ਕੇਂਦਰੀ ਜਾਂਚ ਬਿਊਰੋ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ‘ਦੁਰਵਰਤੋਂ’ ਦੇ ਖਦਸ਼ੇ ਵੀ ਜ਼ਾਹਿਰ ਕੀਤੇ ਅਤੇ ਉਨ੍ਹਾਂ ਮੁੱਦਿਆਂ ਬਾਰੇ ਵੀ ਚਾਨਣਾ ਪਾਇਆ, ਜਿਨ੍ਹਾਂ ਬਿਹਾਰ ਵਿਚ ਭਾਜਪਾ ਨੂੰ ਸੱਤਾ ਤੋਂ ਬੇਦਖਲ ਕੀਤਾ।
ਉਨ੍ਹਾ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੀ ਆਦਤ ਪਾਉਣ ਵਾਲਿਆਂ ਨੂੰ ਜਨਤਕ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਕੀ ਬਿਹਾਰ ਦੇ ਲੋਕ ਇਕ ਦਿਨ ਉਨ੍ਹਾ ਨੂੰ ਪ੍ਰਧਾਨ ਮੰਤਰੀ ਵਜੋਂ ਦੇਖ ਸਕਦੇ ਹਨ, ਦੇ ਜਵਾਬ ਵਿਚ ਨਿਤੀਸ਼ ਕੁਮਾਰ ਨੇ ਜ਼ੋਰ ਦੇ ਕੇ ਕਿਹਾਕਿਰਪਾ ਕਰਕੇ ਮੈਨੂੰ ਅਜਿਹੇ ਸਵਾਲ ਨਾ ਪੁੱਛੋ, ਮੈਂ ਕਈ ਵਾਰ ਕਿਹਾ ਹੈ ਕਿ ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ। ਮੈਂ ਆਪਣੇ ਰਾਜ ਦੀ ਸੇਵਾ ਕਰਨਾ ਚਾਹੁੰਦਾ ਹਾਂ। ਹਾਲਾਂਕਿ ਵੱਖ-ਵੱਖ ਵਿਰੋਧੀ ਪਾਰਟੀਆਂ ਵਿਚ ਏਕਤਾ ਬਣਾਉਣ ’ਚ ਆਪਣੀ ਭੂਮਿਕਾ ਬਾਰੇ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾਸਾਡੀ ਭੂਮਿਕਾ ਸਕਾਰਾਤਮਕ ਹੋਵੇਗੀ। ਮੈਨੂੰ ਕਈ ਟੈਲੀਫੋਨ ਆ ਰਹੇ ਹਨ। ਇਹ ਮੇਰੀ ਇੱਛਾ ਹੈ ਕਿ ਸਾਰੇ ਇਕੱਠੇ (ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਦੇ ਵਿਰੁੱਧ) ਹੋਣ। ਤੁਸੀਂ ਆਉਣ ਵਾਲੇ ਦਿਨਾਂ ’ਚ ਕੁਝ ਕਾਰਵਾਈ ਦੇਖੋਗੇ।