ਮੁੰਬਈ : ਸ਼ਾਹਰੁਖ ਖਾਨ ਨੂੰ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ’ਚ ਗਿ੍ਰਫਤਾਰ ਕੀਤੇ ਗਏ ਰਾਏਪੁਰ ਦੇ ਵਕੀਲ ਫੈਜ਼ਾਨ ਖਾਨ ਨੇ ਅਭਿਨੇਤਾ ਅਤੇ ਉਸ ਦੇ ਪਰਵਾਰ ਦੇ ਸੰਵੇਦਨਸ਼ੀਲ ਸੁਰੱਖਿਆ ਵੇਰਵੇ ਹਾਸਲ ਕਰਨ ਲਈ ਆਨਲਾਈਨ ਖੋਜ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਫਿਰੌਤੀ ਵਜੋਂ 50 ਲੱਖ ਰੁਪਏ ਦੀ ਮੰਗ ਕਰਨ ਤੋਂ ਪਹਿਲਾਂ ਫੈਜ਼ਾਨ ਖਾਨ ਨੇ ਸ਼ਾਹਰੁਖ ਖਾਨ ਅਤੇ ਉਸ ਦੇ ਬੇਟੇ ਆਰੀਅਨ ਖਾਨ ਦੇ ਸੁਰੱਖਿਆ ਵੇਰਵਿਆਂ ਬਾਰੇ ਵਿਆਪਕ ਆਨਲਾਈਨ ਖੋਜ ਕੀਤੀ ਸੀ। ਬਾਂਦਰਾ ਪੁਲਸ ਦੀ ਜਾਂਚ ਟੀਮ ਨੇ ਫੈਜ਼ਾਨ ਖਾਨ ਦੇ ਦੂਜੇ ਮੋਬਾਇਲ ਫੋਨ ਦੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ। ਵਕੀਲ ਨਿਆਂਇਕ ਹਿਰਾਸਤ ’ਚ ਹੈ ਅਤੇ ਪੁੱਛਗਿੱਛ ਦੌਰਾਨ ਜਾਣਕਾਰੀ ਇਕੱਠੀ ਕਰਨ ਦੇ ਪਿੱਛੇ ਦੇ ਆਪਣੇ ਉਦੇਸ਼ਾਂ ਬਾਰੇ ਗੁੰਮਰਾਹਕੁੰਨ ਜਵਾਬ ਦੇ ਰਿਹਾ ਹੈ।