9.5 C
Jalandhar
Tuesday, December 10, 2024
spot_img

ਪ੍ਰਧਾਨ ਮੰਤਰੀ ਦੀ ਭਾਸ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦਾ ਸਰਦ ਰੁੱਤ ਅਜਲਾਸ ਸ਼ੁਰੂ ਹੋਣ ਦੇ ਮੌਕੇ ਕਿਹਾ ਕਿ ਲੋਕਾਂ ਵੱਲੋਂ 80-90 ਵਾਰ ਨਕਾਰੇ ਲੋਕ ਗੁੰਡਾਗਰਦੀ ਕਰਕੇ ਸੰਸਦ ਦੀ ਕਾਰਵਾਈ ਨਹੀਂ ਚੱਲਣ ਦਿੰਦੇ। ਲਗਦਾ ਹੈ ਕਿ ਮੋਦੀ ਨੇ ਆਪੋਜ਼ੀਸ਼ਨ ਪ੍ਰਤੀ ਸਨਮਾਨਜਨਕ ਸ਼ਬਦਾਂ ਦੇ ਇਸਤੇਮਾਲ ਤੋਂ ਦੂਰੀ ਬਣਾਏ ਰੱਖਣ ਦਾ ਸੰਕਲਪ ਲੈ ਰੱਖਿਆ ਹੈ। ਉਨ੍ਹਾ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ 2004 ਦੀਆਂ ਲੋਕ ਸਭਾ ਚੋਣਾਂ ’ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ’ਚ ਐੱਨ ਡੀ ਏ ਨੇ ਇੰਡੀਆ ਸ਼ਾਈਨਿੰਗ ਤੇ ਫੀਲ ਗੁੱਡ ਦੇ ਨਾਅਰਿਆਂ ਨਾਲ ਚੋਣ ਲੜੀ ਸੀ ਤੇ ਲੋਕਾਂ ਨੇ ਉਸ ਨੂੰ ਇੱਕੋ ਝਟਕੇ ’ਚ ਨਕਾਰ ਦਿੱਤਾ ਸੀ। 2009 ਵਿੱਚ ਵੀ ਐੱਨ ਡੀ ਏ ਨੂੰ ਨਕਾਰ ਦਿੱਤਾ ਗਿਆ ਸੀ। 2014 ਵਿੱਚ ਭਾਜਪਾ ਦੇ ਸੱਤਾ ’ਚ ਆਉਣ ਤੋਂ ਬਾਅਦ ਮੋਦੀ ਨੇ ‘ਕਾਂਗਰਸ-ਮੁਕਤ ਭਾਰਤ’ ਦੇ ਨਾਅਰੇ ਨੂੰ ਉਛਾਲਿਆ ਸੀ, ਪਰ 2024 ਦੀਆਂ ਚੋਣਾਂ ਵਿੱਚ ਉਹ 303 ਸੀਟਾਂ ਤੋਂ ਹੇਠਾਂ ਡਿਗ ਕੇ 240 ਸੀਟਾਂ ’ਤੇ ਆ ਗਈ ਅਤੇ ਹੁਣ ਉਹ ਜਨਤਾ ਦਲ (ਯੂਨਾਈਟਿਡ) ਤੇ ਤੇਲਗੂ ਦੇਸਮ ਪਾਰਟੀ ਦੀਆਂ ਫਹੁੜੀਆਂ ਦੇ ਆਸਰੇ ਸਰਕਾਰ ਚਲਾ ਰਹੀ ਹੈ। ਦਰਅਸਲ ਮੋਦੀ ਦਾ ਖਵਾਬ ‘ਆਪੋਜ਼ੀਸ਼ਨ-ਮੁਕਤ ਸੰਸਦ’ ਦਾ ਹੈ। ਜਦ ਉਹ ਕਹਿੰਦੇ ਹਨ ਕਿ ਆਪੋਜ਼ੀਸ਼ਨ ਨੇ ਗੰੁਡਾਗਰਦੀ ਮਚਾ ਰੱਖੀ ਹੈ, ਤਦ ਉਨ੍ਹਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਭਾਜਪਾ ਨੇ ਕਿੰਨੇ-ਕਿੰਨੇ ਦਿਨ ਸੰਸਦ ਨੂੰ ਠੱਪ ਰੱਖਿਆ। ਬੋਫਰਜ਼ ਕਾਂਡ ਨੂੰ ਲੈ ਕੇ ‘ਰਾਜੀਵ ਗਾਂਧੀ ਚੋਰ ਹੈ’ ਦੇ ਨਾਅਰੇ ਉਛਾਲੇ। ਉਸ ਦੀ ਮੰਗ ’ਤੇ ਸਰਕਾਰ ਨੇ ਬੋਫਰਜ਼ ਤੋਪਾਂ ਦੀ ਖਰੀਦ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾ ਦਿੱਤੀ ਸੀ, ਪਰ ਮੋਦੀ ਸੇਬੀ ਦੀ ਮੁਖੀ ਤੇ ਗੌਤਮ ਅਡਾਨੀ ਦੇ ਮੁੱਦੇ ’ਤੇ ਬਹਿਸ ਤੱਕ ਲਈ ਰਾਜ਼ੀ ਨਹੀਂ। ਸੰਸਦ ਵਿੱਚ ਉਦਯੋਗਪਤੀਆਂ ਦੇ ਕਾਰਨਾਮਿਆਂ ’ਤੇ ਕਈ ਵਾਰ ਬਹਿਸ ਹੋ ਚੁੱਕੀ ਹੈ। ਪੰਡਤ ਜਵਾਹਰ ਲਾਲ ਨਹਿਰੂ ਦੇ ਦਾਮਾਦ ਫਿਰੋਜ਼ ਗਾਂਧੀ ਨੇ ਹੀ ਭਿ੍ਰਸ਼ਟਾਚਾਰ ਦੇ ਕਾਂਡ ਉਠਾ ਕੇ ਉਨ੍ਹਾ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਸੀ। ਕੁਝ ਸੀਨੀਅਰ ਮੰਤਰੀਆਂ ਨੂੰ ਅਸਤੀਫੇ ਦੇਣੇ ਪਏ ਸਨ। ਉਦੋਂ ਨਹਿਰੂ ਨੇ ਆਪੋਜ਼ੀਸ਼ਨ ਦੀਆਂ ਸਰਗਰਮੀਆਂ ਨੂੰ ਗੁੰਡਾਗਰਦੀ ਨਹੀਂ ਸੀ ਕਿਹਾ। ਇੰਦਰਾ ਸਰਕਾਰ ਵੇਲੇ ਚੰਦਰ ਸ਼ੇਖਰ, �ਿਸ਼ਨ ਕਾਂਤ, ਮੋਹਨ ਧਾਰੀਆ, ਸ਼ਸ਼ੀ ਭੂਸ਼ਣ ਤੇ ਚੰਦਰਜੀਤ ਯਾਦਵ ਨੇ ਬਿੜਲਾ ਘਰਾਣੇ ’ਤੇ ਤਿੱਖੇ ਹਮਲੇ ਕੀਤੇ ਸਨ। ਭੁੱਖ ਹੜਤਾਲ ਤੱਕ ਕੀਤੀ ਸੀ, ਪਰ ਇੰਦਰਾ ਨੇ ਗੁੰਡਾਗਰਦੀ ਸ਼ਬਦ ਦੀ ਵਰਤੋਂ ਨਹੀਂ ਸੀ ਕੀਤੀ। ਮਨਮੋਹਨ ਸਿੰਘ ਸਰਕਾਰ ਵੇਲੇ ਭਾਜਪਾ ਨੇ ਕੋਇਲਾ ਖਾਣਾਂ ਤੇ 2-ਜੀ ਦੀ ਨਿਲਾਮੀ ਨੂੰ ਲੈ ਕੇ ਸੰਸਦ ’ਚ ਤੂਫਾਨ ਖੜ੍ਹਾ ਕੀਤਾ, ਪਰ ਸਰਕਾਰ ਨੇ ਉਦੋਂ ਵੀ ਗੁੰਡਾਗਰਦੀ ਸ਼ਬਦ ਨਹੀਂ ਵਰਤਿਆ।
ਮੋਦੀ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਝਾਰਖੰਡ ਅਸੰਬਲੀ ਚੋਣ ਵਿਚ ਭਾਜਪਾ ਬੁਰੀ ਤਰ੍ਹਾਂ ਹਾਰੀ ਹੈ। ਜ਼ਿਮਨੀ ਚੋਣਾਂ ’ਚ ਪੰਜਾਬ, ਕਰਨਾਟਕ ਤੇ ਪੱਛਮੀ ਬੰਗਾਲ ਵਿੱਚ ਉਸ ਨੂੰ ਇੱਕ ਵੀ ਸੀਟ ਨਹੀਂ ਮਿਲੀ। ਸਿਰਫ ਮਹਾਰਾਸ਼ਟਰ ਦੀ ਜਿੱਤ ਦੇ ਆਧਾਰ ’ਤੇ ਆਪੋਜ਼ੀਸ਼ਨ ਨੂੰ ਨਕਾਰਾ ਕਰਾਰ ਦੇਣਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਲੋਕਤੰਤਰ ਵਿੱਚ ਉਤਰਾਅ-ਚੜ੍ਹਾਅ ਆਉਦੇ ਰਹਿੰਦੇ ਹਨ।

Related Articles

Latest Articles