ਰਾਜਸਥਾਨ ਵਿੱਚ ਇਸ ਸਾਲ ਪੰਜ ਸਰਕਾਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਬਰਖਾਸਤਗੀ ਜਾਂ ਅਸਤੀਫੇ ਦੇ ਪਿੱਛੇ ਆਰ ਐੱਸ ਐੱਸ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਦੀ ਸਰਗਰਮ ਭੂਮਿਕਾ ਸਾਹਮਣੇ ਆ ਰਹੀ ਹੈ। ਰਾਜਪਾਲ ਹਰੀਭਾਊ ਬਾਗੜੇ ਵੱਲੋਂ ਇਨ੍ਹਾਂ ਵਾਈਸ ਚਾਂਸਲਰਾਂ, ਜਿਨ੍ਹਾਂ ਨੂੰ ਸੂਬੇ ਵਿੱਚ ਕੁਲ ਗੁਰੂ ਕਿਹਾ ਜਾਂਦਾ ਹੈ, ਵਿਰੁੱਧ ਕੀਤੀ ਗਈ ਕਾਰਵਾਈ ਦੇ ਪਿੱਛੇ ਏ ਬੀ ਵੀ ਪੀ ਦੀਆਂ ਸ਼ਿਕਾਇਤਾਂ ਤੇ ਧਰਨੇ-ਪ੍ਰਦਰਸ਼ਨ ਪ੍ਰਮੁੱਖ ਕਾਰਨ ਦੱਸੇ ਜਾ ਰਹੇ ਹਨ। ਇਨ੍ਹਾਂ ਘਟਨਾਵਾਂ ਨੇ ਸੂਬੇ ਦੇ ਉੱਚ ਵਿੱਦਿਅਕ ਅਦਾਰਿਆਂ ਵਿੱਚ ਸਿਆਸੀ ਦਖਲ ਤੇ ਏ ਬੀ ਵੀ ਪੀ ਦੀ ਵਧਦੀ ਤਾਕਤ ’ਤੇ ਸੁਆਲ ਖੜ੍ਹੇ ਕਰ ਦਿੱਤੇ ਹਨ।
ਅਗਸਤ ਵਿੱਚ ਸਵਾਮੀ ਕੇਸ਼ਵਾਨੰਦ ਰਾਜਸਥਾਨ �ਿਸ਼ੀ ਵਿਸ਼ਵਵਿਦਿਆਲਾ ਬੀਕਾਨੇਰ ਦੇ ਵਾਈਸ ਚਾਂਸਲਰ ਤੇ ਜੋਧਪੁਰ �ਿਸ਼ੀ ਵਿਸ਼ਵਵਿਦਿਆਲਾ ਦੇ ਐਕਟਿੰਗ ਵਾਈਸ ਚਾਂਸਲਰ ਡਾ. ਅਰੁਣ ਕੁਮਾਰ ਨੂੰ ਗੰਭੀਰ ਸ਼ਿਕਾਇਤਾਂ ਦੇ ਆਧਾਰ ’ਤੇ ਹਟਾਇਆ ਗਿਆ। ਜੋਧਪੁਰ ਦੇ ਡਵੀਜ਼ਨਲ ਕਮਿਸ਼ਨਰ ਨੇ ਆਪਣੀ ਜਾਂਚ ਵਿੱਚ ਉਨ੍ਹਾ ਨੂੰ ਸ਼ਕਤੀਆਂ ਦੀ ਦੁਰਵਰਤੋਂ ਤੇ ਮਾਲੀ ਬੇਨੇਮੀਆਂ ਦਾ ਦੋਸ਼ੀ ਠਹਿਰਾਇਆ ਸੀ। ਰਾਜਪਾਲ ਨੇ ਜੋਧਪੁਰ ਦੇ ਜੈ ਨਾਰਾਇਣ ਵਿਆਸ ਵਿਸ਼ਵਵਿਦਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਕੇ ਐੱਲ ਸ੍ਰੀਵਾਸਤਵ ਨੂੰ 10 ਫਰਵਰੀ ਨੂੰ ਕਾਰਜਕਾਲ ਖਤਮ ਹੋਣ ਤੋਂ ਚਾਰ ਦਿਨ ਪਹਿਲਾਂ ਲਾਪਰਵਾਹੀ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਸੀ। ਉਦੋਂ ਏ ਬੀ ਵੀ ਪੀ ਨੇ ਪਟਾਕੇ ਚਲਾਏ ਸਨ। ਉਦੈਪੁਰ ਦੇ ਮੋਹਨ ਲਾਲ ਸੁਖਾੜੀਆ ਵਿਸ਼ਵਵਿਦਿਆਲਾ ਦੀ ਵਾਈਸ ਚਾਂਸਲਰ ਸੁਨੀਤਾ ਮਿਸ਼ਰਾ ਨੇ ਪਹਿਲਾਂ ਛੁੱਟੀ ਲਈ ਤੇ ਫਿਰ ਅਸਤੀਫਾ ਦੇ ਦਿੱਤਾ। ਉਨ੍ਹਾ ਵੱਲੋਂ 12 ਸਤੰਬਰ ਨੂੰ ਇੱਕ ਸੰਮੇਲਨ ਵਿੱਚ ਔਰੰਗਜ਼ੇਬ ਨੂੰ ਇੱਕ ਕਾਬਲ ਹੁਕਮਰਾਨ ਦੱਸਣ ’ਤੇ ਉਨ੍ਹਾ ਖਿਲਾਫ ਮੁਜ਼ਾਹਰੇ ਸ਼ੁਰੂ ਹੋ ਗਏ ਸਨ। 7 ਅਕਤੂਬਰ ਨੂੰ ਜੈਪੁਰ ਦੇ ਜੋਬਨੇਰ ਸਥਿਤ ਸ੍ਰੀ ਕਰਣ ਨਰੇਂਦਰ �ਿਸ਼ੀ ਵਿਸ਼ਵਵਿਦਿਆਲਾ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਦੀ ਮੁਅੱਤਲੀ ਦੀ ਖਬਰ ਤੋਂ ਬਾਅਦ ਏ ਬੀ ਵੀ ਪੀ ਨੇ ਪੁਤਲਾ ਫੂਕ ਕੇ ਤੇ ਪਟਾਕੇ ਚਲਾ ਕੇ ਜਸ਼ਨ ਮਨਾਇਆ। ਡਾ. ਬਲਰਾਜ ਸਿੰਘ ਦਾ ਕਾਰਜਕਾਲ 14 ਅਕਤੂਬਰ ਨੂੰ ਖਤਮ ਹੋਣ ਵਾਲਾ ਸੀ। ਦਿਲਚਸਪ ਗੱਲ ਹੈ ਕਿ ਡਾ. ਸਿੰਘ ਨੂੰ ਸਾਬਕਾ ਰਾਜਪਾਲ ਕਲਰਾਜ ਮਿਸ਼ਰਾ, ਜਿਹੜੇ ਭਾਜਪਾ ਦੇ ਕੇਂਦਰੀ ਮੰਤਰੀ ਵੀ ਰਹੇ, ਨੇ ਨਿਯੁਕਤ ਕੀਤਾ ਸੀ। ਡਾ. ਸਿੰਘ ਮੁਤਾਬਕ ਉਹ ਖੁਦ 1990 ਤੋਂ ਸੰਘ ਨਾਲ ਜੁੜੇ ਹਨ ਅਤੇ ਉਨ੍ਹਾ ਤਿੰਨ ਸਾਲਾਂ ਵਿੱਚ ਉਹ ਕੰਮ ਕਰ ਦਿੱਤੇ, ਜਿਹੜੇ ਕੋਈ ਵਾਈਸ ਚਾਂਸਲਰ 10 ਸਾਲਾਂ ਵਿੱਚ ਨਹੀਂ ਕਰ ਪਾਉਦਾ। ਸੂਬੇ ਦੇ ਬਾਹਰੋਂ ਆਏ ਵਾਈਸ ਚਾਂਸਲਰਾਂ ਨੂੰ ਅਹੁਦੇ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਯੂ ਪੀ ਦੇ ਡਾ. ਸਿੰਘ ਨੇ ਤਾਂ ਏ ਬੀ ਵੀ ਪੀ ਨੂੰ ਗੁੰਡਿਆਂ, ਬਦਮਾਸ਼ਾਂ ਤੇ ਅਪਰਾਧੀਆਂ ਦਾ ਗੱਠਜੋੜ ਤੱਕ ਕਰਾਰ ਦਿੱਤਾ ਹੈ। ਉਨ੍ਹਾ ਆਪਣੀ ਮੁਅੱਤਲੀ ਨੂੰ ਹਾਈ ਕੋਰਟ ਵਿੱਚ ਚੈਲੰਜ ਕੀਤਾ ਤਾਂ ਜਸਟਿਸ ਅਸ਼ੋਕ ਕੁਮਾਰ ਜੈਨ ਨੇ ਮੁਅੱਤਲੀ ਰੱਦ ਕਰਦਿਆਂ ਕਿਹਾ ਕਿ ਚਾਂਸਲਰ (ਰਾਜਪਾਲ) ਨੇ ਜਲਦਬਾਜ਼ੀ ਵਿੱਚ ਕਾਰਵਾਈ ਕੀਤੀ, ਜਦਕਿ ਡਾ. ਸਿੰਘ ਦਾ ਕਾਰਜਕਾਲ ਖਤਮ ਹੋਣ ਵਿੱਚ ਕੁਝ ਦਿਨ ਹੀ ਰਹਿੰਦੇ ਸਨ। ਭਰਤਪੁਰ ਦੇ ਮਹਾਰਾਜਾ ਸੂਰਜਮੱਲ ਵਿਸ਼ਵਵਿਦਿਆਲਾ ਦੇ ਵਾਈਸ ਚਾਂਸਲਰ ਰਮੇਸ਼ ਚੰਦਰ ਨੂੰ 11 ਨਵੰਬਰ ਨੂੰ ਮਨਮਾਨੀਆਂ ਦੇ ਦੋਸ਼ ਵਿੱਚ ਹਟਾ ਦਿੱਤਾ ਗਿਆ। ਰਮੇਸ਼ ਚੰਦਰ ਨੇ ਕਿਹਾ ਕਿ ਉਨ੍ਹਾ ਖਿਲਾਫ ਕੋਈ ਦੋਸ਼ ਸਾਬਤ ਨਹੀਂ ਹੋਇਆ। ਡਾ. ਬਲਰਾਜ ਸਿੰਘ ਦੇ ਦੋਸ਼ਾਂ ਦੀ ਪ੍ਰੋੜ੍ਹਤਾ ਕਰਦਿਆਂ ਉਨ੍ਹਾ ਕਿਹਾ ਕਿ ਏ ਬੀ ਵੀ ਪੀ ਤੇ ਆਰ ਐੱਸ ਐੱਸ ਦੇ ਪ੍ਰਚਾਰਕ ਉਨ੍ਹਾਂ ਸਾਰੇ ਵਾਈਸ ਚਾਂਸਲਰਾਂ ਨੂੰ ਹਟਵਾ ਰਹੇ ਹਨ, ਜਿਹੜੇ ਕਲਰਾਜ ਮਿਸ਼ਰਾ ਨੇ ਨਿਯੁਕਤ ਕੀਤੇ ਸਨ। ਜੇ ਇਹ ਸਾਰੇ ਬੇਈਮਾਨ ਹਨ ਤਾਂ ਨਿਯੁਕਤ ਕਿਉ ਕੀਤੇ ਸਨ। ਉਨ੍ਹਾ ਇਹ ਗੰਭੀਰ ਦੋਸ਼ ਵੀ ਲਾਏ ਕਿ ਰਾਜਸਥਾਨ ਵਿੱਚ ਸਿੱਖਿਆ ਪ੍ਰਣਾਲੀ ਤਬਾਹ ਹੋ ਗਈ ਹੈ। ਏ ਬੀ ਵੀ ਪੀ ਦੇ ਗੁੰਡਿਆਂ ਨੂੰ ਸਾਈਕਲ ਸਟੈਂਡਾਂ ਤੇ ਕੰਟੀਨਾਂ ਦੇ ਠੇਕੇ ਦੇਣੇ ਪੈਂਦੇ ਹਨ। ਅਪਰਾਧੀ ਏ ਬੀ ਵੀ ਪੀ ਵਿੱਚ ਸ਼ਾਮਲ ਹੋ ਚੁੱਕੇ ਹਨ। ਰਾਜਸਥਾਨ ਵਿੱਚ ਭਾਜਪਾ ਦਾ ਰਾਜ ਹੈ ਅਤੇ ਇਹ ਸਭ ਕੁਝ ਉਦੋਂ ਵਾਪਰ ਰਿਹਾ ਹੈ ਜਦੋਂ ਭਾਜਪਾ ਦੇ ਆਗੂ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਤੁਰੇ ਹੋਏ ਹਨ।



