ਗੂਹਲਾ ਚੀਕਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਮਾਤਾ ਬਲਵੀਰ ਕੌਰ ਦੀ ਦੂਜੀ ਸਾਲਾਨਾ ਯਾਦ ਮਨਾਉਣ ਲਈ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਵਿੱਚ ਇਕੱਠ ਹੋਇਆ, ਜਿਸ ‘ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਜਥੇਦਾਰ ਦਾਦੂਵਾਲ, ਪੰਥਕ ਆਗੂਆਂ ਤੇ ਸੰਤ-ਮਹਾਂਪੁਰਸ਼ਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਨੂੰ ਇੱਕ ਪਲੇਟਫਾਰਮ ‘ਤੇ ਲੜਨ ਅਤੇ ਸਿੱਖ ਸੰਗਤ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਕਾਇਮ ਕਰਨ ਦਾ ਐਲਾਨ ਕੀਤਾ ਗਿਆ | ਪੰਥਕ ਇਕੱਠ ਵੱਲੋਂ ਪੰਚ ਪ੍ਰਧਾਨੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਪੰਜ ਆਗੂਆਂ ਭਾਈ ਸੁਖਵਿੰਦਰ ਸਿੰਘ ਮੰਡੇਬਰ, ਯਮੁਨਾਨਗਰ, ਭਾਈ ਸਵਰਨ ਸਿੰਘ ਰਤੀਆ, ਭਾਈ ਉਮਰਾਓ ਸਿੰਘ ਛੀਨਾ ਕੈਂਥਲ, ਭਾਈ ਸਵਰਨ ਸਿੰਘ ਬੁੰਗਾ ਟਿੱਬਾ ਪੰਚਕੂਲਾ ਅਤੇ ਭਾਈ ਮਲਕੀਤ ਸਿੰਘ ਪੰਨੀਵਾਲਾ, ਸਿਰਸਾ ਦੀ ਜ਼ਿੰਮੇਵਾਰੀ ਲਗਾਈ ਗਈ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਅਰਦਾਸ ਕਰਨ ਤੇ ਇਸ ਉਪਰੰਤ 15 ਦਿਨਾਂ ‘ਚ ਸਿੱਖ ਸੰਗਤ, ਸੰਤ-ਮਹਾਂਪੁਰਸ਼ਾਂ ਤੇ ਪੰਥਕ ਜਥੇਬੰਦੀਆਂ ਨਾਲ ਸਲਾਹ ਕਰ ਕੇ ਪ੍ਰਧਾਨ ਦਾ ਐਲਾਨ ਕੀਤਾ ਜਾਵੇ |
ਉਸ ਤੋਂ ਬਾਅਦ ਸਮੁੱਚੇ ਅਹੁਦੇਦਾਰਾਂ ਅਤੇ 40 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਏਗਾ |




