ਨਵੀਂ ਦਿੱਲੀ : ਸੰਸਦ ਦਾ ਸਰਦ ਰੁੱਤ ਅਜਲਾਸ ਸਾਰਾ ਹਫਤਾ ਬਿਨਾਂ ਕੰਮਕਾਜ ਦੇ ਲੰਘ ਗਿਆ | ਰਾਜ ਸਭਾ ‘ਚ ਸ਼ੁੱਕਰਵਾਰ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਅਡਾਨੀ ਤੇ ਹੋਰ ਮਾਮਲਿਆਂ ‘ਤੇ ਸਪੱਸ਼ਟ ਜਵਾਬ ਨਾ ਦੇਣ ‘ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਸਰਦ ਰੁੱਤ ਸੈਸ਼ਨ ਦੇ ਚੌਥੇ ਦਿਨ ਵੀ ਕਾਰਵਾਈ ਨਹੀਂ ਚੱਲੀ ਅਤੇ ਹੁਣ ਸਦਨ 2 ਦਸੰਬਰ ਨੂੰ ਸਵੇਰੇ 11 ਵਜੇ ਮੁੜ ਜੁੜੇਗਾ | ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਵਿਰੋਧੀ ਧਿਰ ਗਲਤ ਕਰ ਰਹੀ ਹੈ | ਕਾਰਵਾਈ ਵਿਚ ਵਿਘਨ ਪਾਉਣਾ ਚੰਗੀ ਮਿਸਾਲ ਨਹੀਂ |
ਦੂਜੇ ਪਾਸੇ ਕਾਂਗਰਸ ਦੇ ਮੈਂਬਰ ਗੌਰਵ ਗੋਗੋਈ ਨੇ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਹੜਾ ਮੁੱਦਾ ਕਿਸ ਵੇਲੇ ਵਿਚਾਰਨਾ ਚਾਹੁੰਦੀ ਹੈ | ਉਨ੍ਹਾਂ ਪੁੱਛਿਆ ਕਿ ਸਰਕਾਰ ਜਦੋਂ ਅਡਾਨੀ, ਮਨੀਪੁਰ, ਸੰਭਲ, ਚੀਨ ਅਤੇ ਵਿਦੇਸ਼ ਨੀਤੀ ‘ਤੇ ਚਰਚਾ ਬਾਰੇ ਦਿਨ ਤੈਅ ਕਰੇਗੀ, ਉਦੋਂ ਉਹ ਸਦਨ ਦੀ ਕਾਰਵਾਈ ਚੱਲਣ ਦੇਣਗੇ | ਸਮਾਜਵਾਦੀ ਪਾਰਟੀ ਦੇ ਮੈਂਬਰ ਰਾਮ ਗੋਪਾਲ ਯਾਦਵ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਮੁੱਦਿਆਂ ‘ਤੇ ਚਰਚਾ ਕਰਨ ਤੋਂ ਭੱਜ ਰਹੀ ਹੈ |
ਇਨ੍ਹਾਂ ਮੁੱਦਿਆਂ ‘ਤੇ ਲੋਕ ਸਭਾ ਵਿੱਚ ਵੀ ਹੰਗਾਮਾ ਹੋਇਆ ਤੇ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ | ਜਿਵੇਂ ਹੀ ਸਦਨ ਦੀ ਬੈਠਕ 12 ਵਜੇ ਸ਼ੁਰੂ ਹੋਈ, ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰ ਅੱਗੇ ਆ ਗਏ ਤੇ ਨਾਅਰੇਬਾਜ਼ੀ ਸ਼ੁੁਰੂ ਕਰ ਦਿੱਤੀ |
ਪ੍ਰਸ਼ਨ ਕਾਲ ਦੌਰਾਨ ਸਦਨ ਵਿਚ ਦੋ ਸਵਾਲ ਹੀ ਕੀਤੇ ਗਏ ਸਨ ਕਿ ਕਾਰਵਾਈ ਵਿਚ ਵਿਘਨ ਪੈ ਗਿਆ | ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ‘ਤੇ ਵਿਰੋਧੀ ਧਿਰ ਦਾ ਵਿਰੋਧ ਜਾਰੀ ਰਿਹਾ | ਸਦਨ ਦੀ ਪ੍ਰਧਾਨਗੀ ਕਰ ਰਹੇ ਦਿਲੀਪ ਸੈਕੀਆ ਨੇ ਵਿਰੋਧੀ ਧਿਰ ਨੂੰ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ | ਜਦੋਂ ਉਨ੍ਹਾ ਦੀਆਂ ਅਪੀਲਾਂ ਬੇਅਸਰ ਹੋ ਗਈਆਂ ਤਾਂ ਉਨ੍ਹਾ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ | ਹੁਣ ਸਦਨ ਦੀ ਬੈਠਕ ਸੋਮਵਾਰ ਸਵੇਰੇ ਹੋਵੇਗੀ |




