ਛੇਹਰਟਾ (ਮਨੋਜ ਕੁਮਾਰ)-ਭਾਰਤੀ ਕਮਿਊਨਿਸਟ ਪਾਰਟੀ ਅੰਮਿ੍ਤਸਰ (ਸ਼ਹਿਰੀ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਏਕਤਾ ਭਵਨ ਛੇਹਰਟਾ ਵਿਚ ਕਾਮਰੇਡ ਸੱਤਪਾਲ ਡਾਂਗ, ਕਾਮਰੇਡ ਵਿਮਲਾ ਡਾਂਗ, ਕਾਮਰੇਡ ਪਰਦੁਮਨ ਸਿੰਘ ਤੇ ਪਾਰਟੀ ਦੇ ਹੋਰ ਵਿਛੜੇ ਆਗੂਆਂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ | ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਜਿੱਥੇ ਕਾਮਰੇਡ ਸੱਤਪਾਲ ਡਾਂਗ, ਕਾਮਰੇਡ ਵਿਮਲਾ ਡਾਂਗ, ਕਾਮਰੇਡ ਪਰਦੁਮਨ ਸਿੰਘ ਤੇ ਪਾਰਟੀ ਦੇ ਹੋਰ ਵਿਛੜੇ ਆਗੂਆਂ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ, ਉਥੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਤੇ ਪੰਜਾਬ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ‘ਤੇ ਤਿਖੇ ਹਮਲੇ ਕੀਤੇ |
ਕਾਮਰੇਡ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂਰੀ ਤਰ੍ਹਾਂ ਕੌਮਾਂਤਰੀ ਪੱਧਰ ‘ਤੇ ਸਮਰਾਜਵਾਦੀ ਤਾਕਤਾਂ ਨਾਲ ਪੂਰੀ ਤਰ੍ਹਾਂ ਬਗਲਗੀਰ ਹੋ ਕੇ ਚੱਲ ਰਹੀ ਹੈ ਤੇ ਦੇਸ਼ ਦੇ ਹਿੱਤਾਂ ਨੂੰ ਕੁਰਬਾਨ ਕਰ ਰਹੀ ਹੈ | ਇਹ ਭਾਵੇਂ ਮੁਕਤ ਵਪਾਰ ਸਮਝੌਤਾ ਕਰਨ ਦਾ ਮਾਮਲੇ ‘ਚ ਹੋਵੇ ਜਾਂ ਤੇਲ ਦੀ ਖ਼ਰੀਦ ‘ਚ ਹੋਵੇ | ਇਸ ਸਰਕਾਰ ਨੇ ਇਸਰਾਈਲ ਵੱਲੋਂ ਗਾਜ਼ਾ ‘ਤੇ ਕੀਤੇ ਗਏ ਹਮਲਿਆਂ ‘ਤੇ ਪੂਰੀ ਤਰ੍ਹਾਂ ਨਿਰਾਰਥਕ ਭੂਮਿਕਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਗੁੱਟ-ਨਿਰਲੇਪ ਅੰਦੋਲਨ ਵਿਚ ਸਾਡਾ ਦੇਸ਼ ਹਮੇਸ਼ਾ ਜਰਵਾਣਿਆਂ ਖ਼ਿਲਾਫ਼ ਖੜ੍ਹਦਾ ਰਿਹਾ ਹੈ, ਜਦੋਂਕਿ ਹੁਣ ਸਾਡਾ ਦੇਸ਼ ਇਸਰਾਈਲ ਤੇ ਅਮਰੀਕਾ ਵਰਗੇ ਮੁਲਕਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ | ਉਨ੍ਹਾ ਕਿ ਅਮਰੀਕਾ ਦੇ ਦਬਾਅ ਹੇਠ ਭਾਰਤ ਨੇ ਰੂਸ ਕੋਲੋਂ ਤੇਲ ਲੈਣ ਦੀ ਮਾਤਰਾ ਘਟਾ ਦਿੱਤੀ ਹੈ | ਭਾਰਤ ਪਹਿਲਾਂ ਰੂਸ ਕੋਲੋਂ 26 ਲੱਖ ਬੈਰਲ ਤੇਲ ਰੋਜ਼ਾਨਾ ਖ਼ਰੀਦਦਾ ਸੀ, ਜਿਸ ਦੀ ਆਮਦ ਅੱਜ 17 ਲੱਖ ਬੈਰਲ ਰਹਿ ਗਈ ਹੈ | ਉਨ੍ਹਾ ਕਿਹਾ ਕਿ ਅਮਰੀਕਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲੋਂ ਮੁਕਤ ਵਪਾਰ ਸਮਝੌਤੇ ਉਪਰ ਦਸਤਖ਼ਤ ਕਰਵਾਉਣ ਜਾ ਰਿਹਾ ਹੈ | ਇਹ ਸਮਝੌਤਾ ਹੋਣ ਜਾਣ ‘ਤੇ ਅਮਰੀਕਾ ਵੱਲੋਂ ਸਾਡੇ ਦੇਸ਼ ਵਿਚ ਭੇਜੇ ਜਾਣ ਵਾਲੇ ਸਾਮਾਨ ‘ਤੇ ਕੋਈ ਟੈਕਸ ਨਹੀਂ ਲੱਗੇਗਾ, ਜਦੋਂਕਿ ਅਮਰੀਕਾ ‘ਚ ਜਾਣ ਵਾਲੇ ਭਾਰਤ ਦੇ ਸਾਮਾਨ ‘ਤੇ ਭਾਰੀ ਟੈਕਸ ਲੱਗਣਗੇ | ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸਾਡੀ ਖੇਤੀ ਨੂੰ ਤਬਾਹ ਕਰ ਕੇ ਰੱਖ ਦੇਵੇਗਾ | ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਦੇਸ਼ ਦੇ ਲੋਕਾਂ ਦੀ ਲੁੱਟ ਕਰ ਰਹੀ ਹੈ |
ਉਹਨਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਿਰਕਾਪਰਸਤੀ ਫ਼ੈਲਾਈ ਜਾ ਰਹੀ ਹੈ | ਧਾਰਮਿਕ ਘੱਟ ਗਿਣਤੀਆਂ ਤੇ ਦਲਿਤਾਂ ‘ਤੇ ਹਮਲੇ ਹੋ ਰਹੇ ਹਨ, ਸੰਵਿਧਾਨਿਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ | ਦੇਸ਼ ਦੀ ਸੰਵਿਧਾਨ ਦੀ ਅਣਦੇਖੀ ਹੋ ਰਹੀ ਹੈ | ਇਸ ਤਰ੍ਹਾਂ ਦੇ ਹਾਲਾਤ ਵਿਚ ਸਾਡਾ ਮਿਸ਼ਨ ਹੈ ਕਿ ਭਵਿੱਖ ਵਿਚ ਭਾਜਪਾ ਕੇਂਦਰ ਦੀ ਸੱਤਾ ‘ਤੇ ਕਾਬਜ਼ ਨਾ ਹੋਵੇ | ਉਨ੍ਹਾ ਕਿਹਾ ਕਿ ਭਾਜਪਾ ਦਾ ਗ੍ਰਾਫ਼ ਦਿਨੋਂ-ਦਿਨ ਡਿੱਗਦਾ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਵੋਟ ਆਮ ਆਦਮੀ ਦੇ ਹੱਥ ਵਿਚ ਹਥਿਆਰ ਸੀ | ਮੁੱਖ ਚੋਣ ਕਮਿਸ਼ਨਰ ਨੇ ਸਵੈ-ਇੱਛਾ ਜਾਂ ਮੋਦੀ ਸਰਕਾਰ ਦੇ ਕਹਿਣ ‘ਤੇ 13 ਕਰੋੜ ਵੋਟਾਂ ਦੇਸ਼ ਵਿਚੋਂ ਕੱਟ ਦਿੱਤੀਆਂ ਹਨ | ਇਸ ‘ਤੇ ਨਾਲ ਦੇ ਦੋ ਚੋਣ ਕਮਿਸ਼ਨਰਾਂ ਨੇ ਐੱਸ ਆਈ ਆਰ ਪ੍ਰਕਿਰਿਆ ‘ਤੇ 14 ਵਾਜ਼ਬ ਇਤਰਾਜ਼ ਲਗਾਏ ਹਨ, ਉਨ੍ਹਾਂ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਤੇ ਸੰਵਿਧਾਨ ਦੀ ਉਲੰਘਣਾ ਕਰਕੇ ਵੋਟਾਂ ਨੂੰ ਜ਼ਬਰਦਸਤੀ ਕੱਟਣ ਦਾ ਜੋ ਵਰਤਾਰਾ ਵਾਪਰਿਆ ਹੈ, ਇਹ ਲੋਕਤੰਤਰ ਨੂੰ ਖ਼ਤਮ ਕਰਨ ਦਾ ਇਕ ਖ਼ਤਰਨਾਕ ਵਰਤਾਰਾ ਹੈ | ਇਸ ਦੀ ਅਜਮਾਇਸ਼ ਹੁਣ ਪੰਜਾਬ ਵਿਚ ਕੀਤੀ ਜਾ ਰਹੀ ਹੈ ਤੇ ਪਹਿਲੇ ਪੜਾਅ ਵਿਚ ਹੀ 25 ਲੱਖ ਵੋਟਾਂ ਕੱਟ ਦਿੱਤੀਆਂ ਗਈਆਂ ਹਨ | ਲੋਕਾਂ ਕੋਲੋਂ ਉਨ੍ਹਾਂ ਦੀ ਵੋਟ ਵਾਜ਼ਿਬ ਹੋਣ ਦੇ ਸਬੂਤ ਮੰਗੇ ਜਾ ਰਹੇ ਹਨ, ਜੋ ਕਿ ਗਲਤ ਹੈ | ਉਨ੍ਹਾ ਕਿਹਾ ਕਿ ਜਿਸ ਕੋਲ ਵੀ ਦੇਸ਼ ਦੀ ਨਾਗਰਿਕਤਾ ਹੈ, ਉਹ ਦੇਸ਼ ਦਾ ਵੋਟਰ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਵੋਟ ਚੋਰੀ ਇਕ ਬਹੁਤ ਵੱਡਾ ਜ਼ੁਲਮ ਹੈ, ਜੋ ਕਿ ਦੇਸ਼ ਦੇ ਨਾਗਰਿਕਾਂ ਨਾਲ ਕੀਤਾ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੀ ਭਾਸ਼ਾ ਤੇ ਸਭਿਆਚਾਰ ‘ਤੇ ਵੀ ਹਮਲਾ ਕੀਤਾ ਜਾ ਰਿਹਾ ਹੈ | ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਇਸ ਦੀ ਨਿਆਂਪੂਰਨ ਵੰਡ ਨਹੀਂ ਕੀਤੀ ਜਾ ਰਹੀ | ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ‘ਤੇ ਵੀ ਕੇਂਦਰ ਸਰਕਾਰ ਦੀ ਅੱਖ ਹੈ | ਭਾਖੜਾ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰ ਦਿੱਤੀ ਗਈ ਹੈ | ਪੰਜਾਬ ਦੇ 50 ਕਿਲੋਮੀਟਰ ਦੇ ਇਲਾਕੇ ਵਿਚ ਬੀ ਐੱਸ ਐੱਫ ਤਾਇਨਾਤ ਕਰਕੇ ਪੰਜਾਬ ਨੂੰ ਅਸਿੱਧੇ ਤੌਰ ‘ਤੇ ਕੰਟਰੋਲ ਕੀਤਾ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਪੰਜਾਬੀ ਬੱਬਰ ਅਕਾਲੀਆਂ ਤੇ ਗਦਰੀ ਬਾਬਿਆਂ ਦੇ ਵਾਰਸ ਹਨ ਅਤੇ ਉਹ ਭਾਜਪਾ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ |
ਨਸ਼ਿਆਂ ਦੇ ਮੁੱਦੇ ‘ਤੇ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਨਸ਼ੇ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ, ਜਿਸ ਦੇ ਲਈ ਸੂਬੇ ‘ਤੇ ਰਾਜ ਕਰਦੀਆਂ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਜ਼ਿੰਮੇਦਾਰ ਹਨ | ਉਨ੍ਹਾ ਕਿਹਾ ਕਿ ਨਸ਼ਾ ਪਹਿਲਾਂ ਨਾਲੋਂ ਵੀ ਵਧ ਗਿਆ ਹੈ ਤੇ ਇਸ ਦੀ ਚੇਨ ਟੱੁਟ ਨਹੀਂ ਰਹੀ | ਨਸ਼ੇ ਦੇ ਵਿਤਰਣ, ਆਮਦ ਤੇ ਸਮੱਗਲਿੰਗ ‘ਚ ਰੱਤੀ ਭਰ ਵੀ ਫ਼ਰਕ ਨਹੀਂ ਪਿਆ | ਪੰਜਾਬ ਦੀ ਜਵਾਨੀ ਨਸ਼ਿਆਂ ਕਾਰਨ ਖ਼ਾਤਮੇ ਵੱਲ ਜਾ ਰਹੀ ਹੈ | ਪੰਜਾਬ ਦੇ ਸਮਾਜਿਕ ਹਾਲਾਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੇ, ਹੱਤਿਆਵਾਂ, ਡਾਕੇ, ਚੋਰੀਆਂ ਤੇ ਭਿ੍ਸ਼ਟਾਚਾਰ ਦਾ ਪਸਾਰਾ ਇਸ ਵੇਲੇ ਬੱਦਲਾਂ ਵਾਂਗ ਹੋਇਆ ਪਿਆ ਹੈ ਅਤੇ ਇਸ ਦਾ ਕੋਈ ਹੱਲ ਇਸ ਸਰਕਾਰ ਵੱਲੋਂ ਨਹੀਂ ਕੀਤਾ ਗਿਆ | ਮੁਲਾਜ਼ਮਾਂ ਦਾ 14 ਹਜ਼ਾਰ ਕਰੋੜ ਰੁਪਿਆ ਬਕਾਇਆ ਇਸ ਸਰਕਾਰ ਨੇ ਡੱਕਿਆ ਹੋਇਆ ਹੈ ਅਤੇ ਉਨ੍ਹਾਂ ਦਾ ਡੀ ਏ ਨਹੀਂ ਦਿੱਤਾ ਜਾ ਰਿਹਾ | ਆਊਟਸੋਰਸਿਜ਼ ਰਾਹੀਂ ਰੱਖੇ ਮੁਲਾਜ਼ਮਾਂ ਨੂੰ ਵਾਅਦੇ ਅਨੁਸਾਰ ਰੈਗੂਲਰ ਨਹੀਂ ਕੀਤਾ ਜਾ ਰਿਹਾ | ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ | ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਜਾਂਦੇ-ਜਾਂਦੇ ਪਖੰਡ ਦੇ ਤੌਰ ‘ਤੇ ਪੂਰਾ ਕੀਤਾ ਗਿਆ ਹੈ | ਇਸ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ‘ਤੇ ਪੂਰੇ ਨਹੀਂ ਉਤਰੀ | ਪੰਜਾਬ ‘ਤੇ ਪੰਜ ਲੱਖ ਕਰੋੜ ਰੁਪਏ ਦਾ ਕਰਜ਼ਾ ਇਸ ਸਰਕਾਰ ਨੇ ਚੜ੍ਹਾ ਦਿੱਤਾ ਹੈ, ਜੋ ਕਿ ਆਉਣ ਵਾਲੀ ਸਰਕਾਰ ਲਈ ਮੁਸ਼ਕਲ ਖੜ੍ਹੀ ਕਰੇਗਾ ਤੇ ਲਾਜ਼ਮੀ ਤੌਰ ‘ਤੇ ਇਸ ਦਾ ਬੋਝ ਆਮ ਲੋਕਾਂ ‘ਤੇ ਪਾਇਆ ਜਾਵੇਗਾ |
ਇਸ ਮੌਕੇ ਸੀ ਪੀ ਆਈ ਸੂਬਾ ਸਕੱਤਰੇਤ ਦੇ ਮੈਂਬਰ ਤੇ ਏਟਕ ਦੇ ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਪਾਰਟੀ ਨੂੰ ਉਸਾਰਨ ਵਿਚ ਸੀਨੀਅਰ ਆਗੂਆਂ ਦੀਆਂ ਕੁਰਬਾਨੀਆਂ ਦਾ ਅਥਾਹ ਯੋਗਦਾਨ ਰਿਹਾ ਹੈ | ਅੱਜ ਵੀ ਲੋਕ ਸੀ ਪੀ ਆਈ ‘ਤੇ ਪੂਰਾ ਵਿਸ਼ਵਾਸ਼ ਕਰਦੇ ਹਨ | ਉਨ੍ਹਾ ਅਹਿਦ ਲਿਆ ਕਿ ਵੱਡੇ-ਵਡੇਰਿਆਂ ਦੇ ਪੂਰਨਿਆਂ ‘ਤੇ ਚੱਲਦੇ ਹੋਏ ਉਹ ਪਾਰਟੀ ਨੂੰ ਮੁੜ ਮਜ਼ਬੂਤ ਕਰਨਗੇ ਤੇ ਦੂਰ ਗਿਆਂ ਨੂੰ ਮੁੜ ਨੇੜੇ ਲੈ ਕੇ ਆਉਣਗੇ |
ਸੂਬਾ ਕਾਰਜਕਾਰਨੀ ਦੇ ਮੈਂਬਰ ਦਸਵਿੰਦਰ ਕੌਰ, ਬਿਜਲੀ ਮੁਲਾਜ਼ਮ ਆਗੂ ਮਨਜੀਤ ਸਿੰਘ ਬਾਸਰਕੇ, ਸੀ ਪੀ ਆਈ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਦੇ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰਾ, ਨਰਿੰਦਰ ਕੁਮਾਰ ਬੱਲ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ | ਸਮਾਗਮ ਦੀ ਪ੍ਰਧਾਨਗੀ ਸੁਖਵੰਤ ਸਿੰਘ ਨੇ ਕੀਤੀ | ਸਟੇਜ ਦੀ ਜ਼ਿੰਮੇਵਾਰੀ ਸੀ ਪੀ ਆਈ ਜ਼ਿਲ੍ਹਾ ਅੰਮਿ੍ਤਸਰ (ਸ਼ਹਿਰੀ) ਦੇ ਸਕੱਤਰ ਵਿਜੈ ਕੁਮਾਰ ਨੇ ਸੰਭਾਲੀ |
ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਮਹਾਂਬੀਰ ਸਿੰਘ ਗਿੱਲ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਰਜਿੰਦਰਪਾਲ ਕੌਰ, ਬਲਦੇਵ ਸਿੰਘ ਵੇਰਕਾ, ਅਸ਼ਵਨੀ ਕੁਮਾਰ, ਰਾਜੇਸ਼ ਕੁਮਾਰ, ਪਿਆਰਾ ਸਿੰਘ ਧਾਰੜ, ਗੁਰਬਖਸ਼ ਕੌਰ, ਗੁਰਨਾਮ ਕੌਰ, ਊਸ਼ਾ ਰਾਣੀ, ਸ਼ਮਸ਼ੇਰ ਨਾਥ ਤੇ ਗੁਰਮੁੱਖ ਸਿੰਘ ਸ਼ੇਰਗਿੱਲ (ਦੋਵੇਂ ਮੈਂਬਰ ਪੰਜਾਬ ਕੰਟਰੋਲ ਕਮਿਸ਼ਨ), ਰਮੇਸ਼ ਯਾਦਵ ਆਦਿ ਮੌਜੂਦ ਸਨ |




