ਨਵੀਂ ਦਿੱਲੀ : ਭਾਰਤ ਦੀ ਆਰਥਕ ਵਿਕਾਸ ਦਰ ਜੁਲਾਈ-ਸਤੰਬਰ 2024 ‘ਚ 5.4 ਫੀਸਦੀ ਦਰਜ ਕੀਤੀ ਗਈ ਹੈ, ਜੋ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ 8.1 ਫੀਸਦੀ ਸੀ | ਮੈਨੂੰਫੈਕਚਰਿੰਗ, ਮਾਈਨਿੰਗ ਖਪਤ ਦੀ ਵਿਕਾਸ ਦਰ ਕਾਫੀ ਘਟੀ ਹੈ | ਕੌਮੀ ਅੰਕੜਾ ਦਫਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮੈਨੂੰਫੈਕਚਰਿੰਗ ਦੀ ਵਿਕਾਸ ਦਰ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ 14.3 ਫੀਸਦੀ ਸੀ, ਜਿਹੜੀ ਕਿ 2.2 ਫੀਸਦੀ ‘ਤੇ ਆ ਗਈ | ਮਾਈਨਿੰਗ ਦੀ ਵਿਕਾਸ ਦਰ 11.1 ਫੀਸਦੀ ਤੋਂ ਘਟ ਕੇ 0.1 ਫੀਸਦੀ ‘ਤੇ ਆ ਗਈ | ਬਿਜਲੀ, ਗੈਸ, ਵਾਟਰ ਸਪਲਾਈ ਤੇ ਹੋਰ ਸੇਵਾਵਾਂ ਦੀ ਵਿਕਾਸ ਦਰ 10.4 ਫੀਸਦੀ ਤੋਂ ਘਟ ਕੇ 3.3 ਫੀਸਦੀ ਰਹਿ ਗਈ | ਨਿਰਮਾਣ ਦੀ ਵਿਕਾਸ ਦਰ 13.6 ਫੀਸਦੀ ਤੋਂ ਘਟ ਕੇ 7.7 ਫੀਸਦੀ ‘ਤੇ ਆ ਗਈ |
ਖੇਤੀਬਾੜੀ, ਪਸ਼ੂ ਧਨ, ਜੰਗਲਾਤ ਤੇ ਮੱਛੀ ਪਾਲਣ ਦੇ ਖੇਤਰਾਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਅਤੇ ਇਨ੍ਹਾਂ ਦੀ ਵਿਕਾਸ ਦਰ 1.7 ਫੀਸਦੀ ਤੋਂ ਵਧ ਕੇ 3.5 ਫੀਸਦੀ ਹੋ ਗਈ |