ਵਾਇਨਾਡ : ਲੋਕ ਸਭਾ ਵਿੱਚ ਆਪੋਜ਼ੀਸ਼ਨ ਦੇ ਆਗੂ ਰਾਹੁਲ ਨੇ ਸ਼ਨੀਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਯੋਗਪਤੀ ਗੌਤਮ ਅਡਾਨੀ ਨਾਲ ਲਿਹਾਜ਼ ਪਾਲ ਰਹੇ ਹਨ | ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ—ਅਸੀਂ ਲੋਕ ਸਭਾ ਵਿੱਚ ਸਿਆਸੀ ਵਿਚਾਰਧਾਰਾ ਦੀ ਲੜਾਈ ਲੜ ਰਹੇ ਹਾਂ | ਅਸੀਂ ਜਜ਼ਬਾਤ, ਸਨੇਹ ਤੇ ਮੁਹੱਬਤ ਦੀ ਗੱਲ ਕਰ ਰਹੇ ਹਾਂ, ਪਰ ਉਹ (ਹਾਕਮ) ਨਫਰਤ, ਗੁੱਸੇ, ਵੰਡ ਤੇ ਹਿੰਸਾ ਦੀਆਂ ਗੱਲਾਂ ਕਰ ਰਹੇ ਹਨ | ਸੰਵਿਧਾਨ ਕਹਿੰਦਾ ਹੈ ਕਿ ਸਭ ਨਾਲ ਬਰਾਬਰੀ ਦਾ ਸਲੂਕ ਕੀਤਾ ਜਾਣਾ ਚਾਹੀਦਾ ਹੈ | ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਅਡਾਨੀ ਨਾਲ ਹੋਰਨਾਂ ਹਿੰਦੁਸਤਾਨੀਆਂ ਨਾਲੋਂ ਵੱਖਰਾ ਸਲੂਕ ਕੀਤਾ ਜਾਵੇਗਾ | ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਕੋਈ ਫਰਕ ਨਹੀਂ ਪੈਂਦਾ, ਜੇ ਅਡਾਨੀ ਨੂੰ ਅਮਰੀਕਾ ਵਿੱਚ ਕਾਨੂੰਨ ਤੋੜਨ ਲਈ ਨਾਮਜ਼ਦ ਕੀਤਾ ਜਾਂਦਾ ਹੈ, ਉਸ ਨੂੰ ਅਪਰਾਧੀ ਕਿਹਾ ਜਾਂਦਾ ਹੈ, ਭਾਰਤ ਵਿੱਚ ਅਸੀਂ ਉਸ ਨੂੰ ਨਾਮਜ਼ਦ ਨਹੀਂ ਕਰਾਂਗੇ | ਰਾਹੁਲ ਨੇ ਪਿ੍ਅੰਕਾ ਦਾ ਤੁਆਰਫ ਵਾਇਨਾਡ ਦੀ ਨਵੀਂ ਸਾਂਸਦ ਵਜੋਂ ਕਰਵਾਇਆ | ਪਿ੍ਅੰਕਾ ਨੇ ਹਾਲ ਹੀ ‘ਚ ਵਾਇਨਾਡ ਤੋਂ ਜ਼ਿਮਨੀ ਚੋਣ ਜਿੱਤੀ ਹੈ |