ਲਖਨਊ : ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਸਨਿੱਚਰਵਾਰ ਕਿਹਾ ਕਿ ਕੇਂਦਰ ਦੀ ਹਾਕਮ ਅਤੇ ਵਿਰੋਧੀ ਧਿਰ ਇਹ ਯਕੀਨੀ ਬਣਾਉਣ ਕਿ ਸੰਸਦ ਦਾ ਸਰਦ ਰੁੱਤ ਅਜਲਾਸ ਦੋਹਾਂ ਵਿਚਾਲੇ ਝੜਪਾਂ ਦੀ ਬਜਾਏ ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ‘ਤੇ ਕੇਂਦਰਤ ਹੋਵੇ | ਅਡਾਨੀ ਗਰੁੱਪ ਵਿਰੁੱਧ ਲੱਗੇ ਦੋਸ਼ਾਂ ਅਤੇ ਸੰਭਲ ਮਸਜਿਦ ਸਰਵੇਖਣ ਵਿਵਾਦ ਤੇ ਹਿੰਸਾ ਵਰਗੇ ਮਾਮਲਿਆਂ ਕਾਰਨ ਹਾਕਮ ਤੇ ਵਿਰੋਧੀ ਧਿਰ ਦਰਮਿਆਨ ਜਾਰੀ ਟਕਰਾਅ ਕਾਰਨ ਸੰਸਦ ਵਿਚ ਰੇੜਕਾ ਬਣਿਆ ਹੋਇਆ ਹੈ | ਮਾਇਆਵਤੀ ਨੇ ਕਿਹਾ—ਸੰਸਦ ਨੂੰ ਲੋਕਾਂ ਦੇ ਵਿਆਪਕ ਹਿੱਤ ‘ਚ ਕੰਮ ਕਰਨਾ ਚਾਹੀਦਾ ਹੈ | ਹਾਕਮ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਨੂੰ ਰਾਸ਼ਟਰ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਗੰਭੀਰਤਾ ਦਿਖਾਉਣੀ ਚਾਹੀਦੀ ਹੈ | ਲਖਨਊ ‘ਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸੀਨੀਅਰ ਪਾਰਟੀ ਨੇਤਾਵਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾ ਆਗੂਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਦਲਿਤ ਅਤੇ ਅੰਬੇਡਕਰੀ ਭਾਈਚਾਰਿਆਂ ਨੂੰ ਸਿਆਸੀ ਸ਼ਕਤੀਕਰਨ ਤੇ ਮਜ਼ਬੂਤੀ ਲਈ ਆਪਣੇ ਸੰਘਰਸ਼ ‘ਚ ਇੱਕਜੁੱਟ ਹੋਣ ਦੀ ਲੋੜ ਹੈ | ਸਮਾਜ ਨੂੰ ਜਾਤੀਵਾਦੀ ਅਤੇ ਫਿਰਕੂ ਤਾਕਤਾਂ ਦੀ ਜਕੜ ਤੋਂ ਆਜ਼ਾਦ ਕਰਨ ਲਈ ਸੱਤਾ ਦੀ ਚਾਬੀ ਆਪਣੇ ਹੱਥ ਲੈਣ ਦੀ ਲੜਾਈ ਤੇਜ਼ ਕਰਨੀ ਚਾਹੀਦੀ ਹੈ |
ਬੀਬੀ ਮਾਇਆਵਤੀ ਨੇ ਪਾਰਟੀ ਦੀ ਜਥੇਬੰਦਕ ਤਰੱਕੀ ਦੀ ਸਮੀਖਿਆ ਕੀਤੀ ਅਤੇ ਪਾਰਟੀ ਆਗੂਆਂ ਤੇ ਅਹੁਦੇਦਾਰਾਂ ਨੂੰ ਜ਼ਿਲ੍ਹਾ ਅਤੇ ਮੰਡਲ ਪੱਧਰ ‘ਤੇ ਕਮੀਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾ ਦੋਸ਼ ਲਾਇਆ ਕਿ ਭਾਜਪਾ ਪਿਛਲੀਆਂ ਕਾਂਗਰਸ ਸਰਕਾਰਾਂ ਵਾਂਗ ਫੁੱਟ-ਪਾਊ ਚਾਲਾਂ ਚੱਲ ਕੇ ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਵਰਗੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ | ਭਾਜਪਾ ਚੋਣਾਂ ਦੌਰਾਨ ਕੀਤੇ ਆਪਣੇ ਵਾਅਦਿਆਂ ਨੂੰ ਸੱਤਾ ‘ਚ ਆਉਣ ਪਿੱਛੋਂ ਭੁੱਲ ਜਾਂਦੀ ਹੈ ਅਤੇ ਇਸ ਤਰ੍ਹਾਂ ਬੁਨਿਆਦੀ ਮੁੱਦੇ ਅਣਸੁਲਝੇ ਹੀ ਰਹਿ ਜਾਂਦੇ ਹਨ | ਯੂ ਪੀ ਦੀ ਚਾਰ ਵਾਰ ਮੁੱਖ ਮੰਤਰੀ ਰਹੀ ਬੀਬੀ ਮਾਇਆਵਤੀ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਯੂ ਪੀ ਦੀ ਭਾਜਪਾ ਸਰਕਾਰ ਵੱਲੋਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਨਾਲੋਂ ਧਾਰਮਕ ਏਜੰਡੇ ਨੂੰ ਵੱਧ ਤਰਜੀਹ ਦੇਣ ਲਈ ਵੀ ਆਲੋਚਨਾ ਕੀਤੀ | ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਆਰਥਕ ਤੰਗੀਆਂ-ਤੁਰਸ਼ੀਆਂ, ਬੇਰੁਜ਼ਗਾਰੀ ਅਤੇ ਸਿੱਖਿਆ ਦੀ ਘਾਟ ਵਰਗੀਆਂ ਸਮੱਸਿਆਵਾਂ ਯੂ ਪੀ ਅਤੇ ਗੁਆਂਢੀ ਉੱਤਰਾਖੰਡ ‘ਚ ਲੱਖਾਂ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਰਹੀਆਂ ਹਨ |
ਉਹਨਾ ਕਿਹਾ—ਸਰਕਾਰ ਦੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ‘ਚ ਭਾਰੀ ਨਾਕਾਮੀ ਨੇ ਲੋਕਾਂ ਨੂੰ ਡੂੰਘੀ ਗਰੀਬੀ ਅਤੇ ਪਛੜੇਪਣ ‘ਚ ਧੱਕ ਦਿੱਤਾ ਹੈ |
ਉਨ੍ਹਾ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੀ ਵਿਰਾਸਤ ਬਾਰੇ ਬੋਲਦਿਆਂ ਬਸਪਾ ਦੀ ਲੋਕ ਭਲਾਈ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਸੰਬੰਧੀ ਵਚਨਬੱਧਤਾ ਨੂੰ ਦੁਹਰਾਇਆ | ਉਨ੍ਹਾ ਡਾ. ਅੰਬੇਡਕਰ ਦੇ 6 ਦਸੰਬਰ ਨੂੰ ਆ ਰਹੇ ਪ੍ਰੀਨਿਰਵਾਣ ਦਿਵਸ ਦੇ ਸੰਬੰਧ ਵਿੱਚ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੀ ਖੁਲਾਸਾ ਕੀਤਾ | ਇਸ ਮੁਤਾਬਕ ਬਸਪਾ ਸਮਰਥਕ ਯੂ ਪੀ ਦੇ ਪ੍ਰਮੁੱਖ ਸਥਾਨਾਂ, ਜਿਵੇਂ ਲਖਨਊ ‘ਚ ‘ਅੰਬੇਡਕਰ ਮੈਮੋਰੀਅਲ’ ਅਤੇ ਨੋਇਡਾ ‘ਚ ‘ਦਲਿਤ ਪ੍ਰੇਰਨਾ ਸਥਲ’ ਆਦਿ ਸਥਾਨਾਂ ‘ਤੇ ਇਕੱਠੇ ਹੋ ਕੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ, ਜਦੋਂ ਕਿ ਦੂਜੇ ਰਾਜਾਂ ‘ਚ ਵੀ ਇਸੇ ਤਰ੍ਹਾਂ ਦੇ ਸਮਾਗਮ ਕਰਵਾਏ ਜਾਣਗੇ |
ਮਾਇਆਵਤੀ ਨੇ ਵਿਰੋਧੀ ਪਾਰਟੀਆਂ ਵੱਲੋਂ ਦਰਪੇਸ਼ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਅਤੇ ਬਸਪਾ ਵਰਕਰਾਂ ਨੂੰ ਨਵੇਂ ਜੋਸ਼ ਨਾਲ ਚੋਣਾਂ ਲੜਨ ਦੀ ਤਿਆਰੀ ਵਿੱਢਣ ਦਾ ਸੱਦਾ ਦਿੱਤਾ | ਹਰਿਆਣਾ, ਝਾਰਖੰਡ ਅਤੇ ਮਹਾਰਾਸ਼ਟਰ ‘ਚ ਹਾਲ ਹੀ ਦੇ ਰਾਜ ਚੋਣ ਨਤੀਜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਰਾਹ ਵਿਚ ‘ਚ ਪੈਸੇ, ਤਾਕਤ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਰਾਹੀਂ ਅੜਿੱਕੇ ਪਾਏ ਜਾਣ ਦੀ ਆਲੋਚਨਾ ਕੀਤੀ | ਉਨ੍ਹਾ ਚੇਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਲੋਕਤੰਤਰੀ ਸੰਸਥਾਵਾਂ ‘ਚ ਲੋਕਾਂ ਦੇ ਵਿਸ਼ਵਾਸ ਨੂੰ ਖਤਮ ਕਰਦੀਆਂ ਹਨ ਅਤੇ ਵਿਸ਼ਵਾਸ ਬਹਾਲ ਕਰਨ ਲਈ ਸਖਤ ਕਦਮ ਉਠਾਏ ਜਾਣ ਦੀ ਮੰਗ ਕੀਤੀ |