12.2 C
Jalandhar
Wednesday, December 11, 2024
spot_img

ਕੈਨੇਡਾ ਪਨਾਹ ਨੂੰ ਗੁਨਾਹ ਬਣਾਉਣ ਦੇ ਰੌਂਅ ‘ਚ

ਵਿਨੀਪੈਗ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਆਉਣ ਵਾਲੇ ਹਫਤਿਆਂ ‘ਚ ਇਮੀਗ੍ਰੇਸ਼ਨ ਅਤੇ ਪਨਾਹ ਪ੍ਰਣਾਲੀਆਂ ‘ਚ ਹੋਰ ਸੁਧਾਰਾਂ ਦਾ ਪ੍ਰਸਤਾਵ ਪੇਸ਼ ਕੀਤਾ ਜਾਵੇਗਾ | ਫੈਡਰਲ ਸਰਕਾਰ ਨੇ ਹਾਲ ਹੀ ‘ਚ ਅਗਲੇ ਦੋ ਸਾਲਾਂ ‘ਚ ਕੈਨੇਡਾ ‘ਚ ਦਾਖਲ ਹੋਣ ਵਾਲੇ ਸਥਾਈ ਵਸਨੀਕਾਂ ਦੀ ਗਿਣਤੀ ‘ਚ ਮਹੱਤਵਪੂਰਨ ਕਟੌਤੀ ਕੀਤੀ ਹੈ ਅਤੇ ਅਸਥਾਈ ਵਰਕਰ ਪਰਮਿਟਾਂ ਦੇ ਨਿਯਮਾਂ ਨੂੰ ਸਖਤ ਕੀਤਾ ਹੈ | ਅੰਕੜੇ ਦਰਸਾਉਂਦੇ ਹਨ ਕਿ ਦੇਸ਼ ‘ਚ ਸ਼ਰਨਾਰਥੀ ਅਤੇ ਪਨਾਹ ਦੇ ਦਾਅਵਿਆਂ ‘ਤੇ ਕਾਰਵਾਈ ਕਰਨ ਲਈ ਔਸਤਨ ਉਡੀਕ ਦਾ ਸਮਾਂ ਲਗਭਗ 44 ਮਹੀਨੇ ਹੈ |
ਮਿਲਰ ਨੇ ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਹੋਣ ਦੌਰਾਨ ਕਿਹਾ ਕਿ ਅਸਾਇਲਮ (ਪਨਾਹ) ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਜਿਸ ਨੂੰ ਮੁਕੰਮਲ ਤੌਰ ‘ਤੇ ਬਦਲਣਾ ਹੋਵੇਗਾ | ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਕੋਲ ਅਕਤੂਬਰ ਦੇ ਅੰਤ ਤੱਕ ਪਨਾਹ ਦੇ 2 ਲੱਖ 60 ਹਜ਼ਾਰ ਤੋਂ ਵੱਧ ਦਾਅਵੇ ਵਿਚਾਰ ਅਧੀਨ ਸਨ ਅਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ | ਵਿਜ਼ਟਰ ਵੀਜ਼ਾ ‘ਤੇ ਆਉਣ ਮਗਰੋਂ ਪਨਾਹ ਦਾ ਦਾਅਵਾ ਕਰਨ ਵਾਲਿਆਂ ਦੇ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਬੇੜਨ ਲਈ ਕੈਨੇਡਾ ਸਰਕਾਰ ਨੇ ਕਮਰ ਕੱਸ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਦਾਅਵੇ ਰੱਦ ਹੋ ਸਕਦੇ ਹਨ | ਮਾਰਕ ਮਿਲਰ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਗੈਰਵਾਜਬ ਤਰੀਕੇ ਨਾਲ ਪਨਾਹ ਦੇ ਦਾਅਵੇ ਕੀਤੇ, ਜਦਕਿ ਉਹ ਇਸ ਦੇ ਬਿਲਕੁਲ ਵੀ ਯੋਗ ਨਹੀਂ ਸਨ | ਇਹ ਹਜ਼ਾਰਾਂ ਸ਼ਰਨਾਰਥੀ ਦਾਅਵੇ ਦਾਇਰ ਕਰਨ ਵਾਲੇ ਕੌਮਾਂਤਰੀ ਵਿਦਿਆਰਥੀ ਹਨ, ਜਿਨ੍ਹਾਂ ਦੀ ਸਚਾਈ ‘ਤੇ ਮਿਲਰ ਨੇ ਸਵਾਲ ਚੁੱਕੇ ਹਨ | ਮਿਲਰ ਨੇ ਕਿਹਾ—ਪਨਾਹ ਦੇ ਦਾਅਵੇ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ | ਕਮੇਟੀ ਵਿੱਚ ਜਦੋਂ ਮਿਲਰ ਆਪਣੀ ਗਵਾਹੀ ਪੂਰੀ ਕਰ ਰਿਹਾ ਸੀ ਤਾਂ ਬਾਹਰ ਕਈ ਵਿਅਕਤੀਆਂ ਨੇ ਹੱਥਾਂ ਵਿੱਚ ‘ਸਾਨੂੰ ਵਾਪਸ ਨਾ ਭੇਜੋ’ ਦੇ ਬੈਨਰ ਫੜੇ ਹੋਏ ਸਨ | ਸੰਸਦੀ ਸੁਰੱਖਿਆ ਸੇਵਾ ਦੇ ਅਧਿਕਾਰੀਆਂ ਨੇ ਲਗਭਗ 20 ਲੋਕਾਂ ਦੇ ਸਮੂਹ ਨੂੰ ਇਮਾਰਤ ਤੋਂ ਬਾਹਰ ਕੱਢਿਆ | ਐੱਨ ਡੀ ਪੀ ਦੇ ਇਮੀਗ੍ਰੇਸ਼ਨ ਆਲੋਚਕ ਜੈਨੀ ਕਵਾਨ ਨੇ ਹਾਲ ਹੀ ਵਿੱਚ ਇਮੀਗ੍ਰੇਸ਼ਨ ਤਬਦੀਲੀਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ | ਮਿਲਰ ਨੇ ਜਵਾਬ ਦਿੱਤਾ ਕਿ ਕੈਨੇਡੀਅਨ ਨਾਗਰਿਕ ਬਣਨਾ ਕੋਈ ਅਧਿਕਾਰ ਨਹੀਂ ਹੈ |
ਅਕਤੂਬਰ ਵਿਚ 17,400 ਜਣਿਆਂ ਨੇ ਕੈਨੇਡਾ ਵਿਚ ਪਨਾਹ ਦਾ ਦਾਅਵਾ ਕੀਤਾ, ਜਦਕਿ ਜੁਲਾਈ ਵਿਚ ਅੰਕੜਾ 20 ਹਜ਼ਾਰ ਦਰਜ ਕੀਤਾ ਗਿਆ ਸੀ | 14 ਹਜ਼ਾਰ ਤੋਂ ਵੱਧ ਦਾਅਵੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਕੀਤੇ ਗਏ | ਮਿਲਰ ਨੇ ਪਾਰਲੀਮਾਨੀ ਕਮੇਟੀ ਨੂੰ ਦੱਸਿਆ ਕਿ ਪਨਾਹ ਸਿਸਟਮ ਵਿੱਚ ਸੁਧਾਰਾਂ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨੂੰ ਪਨਾਹ ਦਾ ਦਾਅਵਾ ਕਰਨ ਦੇ ਹੱਕ ਤੋਂ ਵਾਂਝਾ ਕੀਤਾ ਜਾ ਸਕਦਾ ਹੈ | ਹਾਲਾਂਕਿ ਉਨ੍ਹਾ ਨਵੇਂ ਨਿਯਮਾਂ ਬਾਰੇ ਵਿਸਤਾਰਤ ਜਾਣਕਾਰੀ ਨਹੀਂ ਦਿੱਤੀ |
ਕੈਨੇਡਾ ਸਰਕਾਰ ਖੁਦ ਮੰਨ ਚੁੱਕੀ ਹੈ ਕਿ ਮੁਲਕ ਵਿਚ ਆਰਜ਼ੀ ਵੀਜ਼ਾ ‘ਤੇ ਮੌਜੂਦ ਲੋਕਾਂ ਦੀ ਗਿਣਤੀ 30 ਲੱਖ ਤੋਂ ਟੱਪ ਚੁੱਕੀ ਹੈ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਦੀ ਹੈ |
ਤਕਰੀਬਨ 2 ਲੱਖ ਸਾਬਕਾ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਜਾਂ ਖਤਮ ਹੋ ਚੁੱਕੇ ਹਨ, ਜਿਸ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਦੌਰਾਨ ਮੁਲਕ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਿਚ ਅਥਾਹ ਵਾਧਾ ਹੋ ਸਕਦਾ ਹੈ |

Related Articles

Latest Articles