ਸ਼ਿਮਲਾ : ਨਗਰ ਨਿਗਮ ਸ਼ਿਮਲਾ ਦੇ ਸਾਬਕਾ ਡਿਪਟੀ ਮੇਅਰ ਅਤੇ ਸੀ ਪੀ ਆਈ (ਐੱਮ) ਆਗੂ ਟਿਕੇਂਦਰ ਸਿੰਘ ਪੰਵਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਾ ਕੇ ਉਨ੍ਹਾਂ ਲੋਕਾਂ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ, ਜਿਨ੍ਹਾਂ ਇੱਥੋਂ ਦੇ ਰਿੱਜ ਖੇਤਰ ‘ਚ ਵਾਹਨਾਂ ਦੀ ਪਾਰਕਿੰਗ ਅਤੇ ਅਸਥਾਈ ਸਟਾਲ ਲਗਾਉਣ ਦੀ ਇਜਾਜ਼ਤ ਦਿੱਤੀ ਸੀ |
ਸ਼ਿਕਾਇਤ ਦੇ ਨਾਲ ਦੋ ਵੀਡੀਓ ਸਾਂਝੇ ਕਰਦੇ ਹੋਏ ਪੰਵਾਰ ਨੇ ਕਿਹਾ ਕਿ ਉਨ੍ਹਾ ਰਿੱਜ ‘ਤੇ ਦੋ ਟਰੱਕਾਂ ਅਤੇ ਇੱਕ ਵੱਡੀ ਕਰੇਨ ਦੀ ਪਾਰਕਿੰਗ ਨੂੰ ਲੈ ਕੇ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ | ਇਹ ਥਾਂ ਕਮਜ਼ੋਰ ਜ਼ੋਨ ਹੈ ਅਤੇ ਇਸ ਵਿੱਚ ਕਿਸੇ ਵੀ ਵਾਹਨ ਦੀ ਆਵਾਜਾਈ ਦੀ ਆਗਿਆ ਨਹੀਂ | ਪੁਲਸ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ | ਇਤਿਹਾਸਕ ਰਿੱਜ ਸ਼ਿਮਲਾ ਸ਼ਹਿਰ ਦੇ ਕੇਂਦਰ ‘ਚ ਸਥਿਤ ਹੈ ਅਤੇ ਇੱਥੇ ਕ੍ਰਾਈਸਟ ਚਰਚ ਹੈ, ਜੋ ਕਿ 1844 ‘ਚ ਬਣਾਇਆ ਗਿਆ ਇੱਕ ਨਿਓ-ਗੌਥਿਕ ਢਾਂਚਾ ਹੈ | ਬਿ੍ਟਿਸ਼ ਸ਼ਾਸਨ ਦੌਰਾਨ ਰਿੱਜ ਦੇ ਹੇਠਾਂ 45 ਲੱਖ ਲੀਟਰ ਪਾਣੀ ਰੱਖਣ ਵਾਲੇ ਵੱਡੇ ਟੈਂਕ ਬਣਾਏ ਗਏ ਸਨ, ਜਿੱਥੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਹੈ |
ਦੱਸਣਯੋਗ ਹੈ ਕਿ ਰਿੱਜ ਧਸਣ ਵਾਲੇ ਖੇਤਰਾਂ ‘ਚ ਸਥਿਤ ਹੈ ਅਤੇ 2000 ਤੋਂ ਨਿਯਮਤ ਅੰਤਰਾਲਾਂ ‘ਚ ਦਰਾੜਾਂ ਵਿਕਸਤ ਹੋ ਰਹੀਆਂ ਹਨ | ਸ਼ਿਮਲਾ ਦੇ ਐੱਸ ਪੀ ਸੰਜੀਵ ਕੁਮਾਰ ਗਾਂਧੀ ਨੂੰ ਆਪਣੇ ਪੱਤਰ ‘ਚ ਪੰਵਾਰ ਨੇ ਟਰੱਕਾਂ ਅਤੇ ਕਰੇਨ ਦੇ ਮਾਲਕਾਂ ਦੇ ਨਾਲ-ਨਾਲ ਉਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਉਨ੍ਹਾਂ ਨੂੰ ਇਜਾਜ਼ਤ ਦਿੱਤੀ | ਉਨ੍ਹਾ ਸ਼ਿਕਾਇਤ ‘ਚ ਅੱਗੇ ਕਿਹਾ ਕਿ ਹਾਈ ਕੋਰਟ ਵੱਲੋਂ ਸਮਾਗਮ ਨਾ ਕਰਵਾਉਣ ਦੇ ਹੁਕਮਾਂ ਦੇ ਬਾਵਜੂਦ ਰਿੱਜ ‘ਤੇ ਸਮਾਗਮ ਕੀਤੇ ਜਾ ਰਹੇ ਹਨ | ਕਰਵਾਈ ਵਿਚ ਅਸਫਲ ਰਹਿਣ ‘ਤੇ ਉਨ੍ਹਾ ਨੂੰ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਵੇਗਾ, ਜਿਸ ਨੇ ਪਹਿਲਾਂ ਹੀ ਰਿੱਜ ਵਿਖੇ ਅਜਿਹੇ ਸਮਾਗਮਾਂ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ ਹੈ |